1947 ਵਿਚ ਮਿਲੀ ਆਜ਼ਾਦੀ ‘‘ਭੀਖ’’ ਸੀ, ਅਸਲ ਆਜ਼ਾਦੀ 2014 ਵਿਚ ਮਿਲੀ : ਕੰਗਨਾ ਰਣੌਤ

ਏਜੰਸੀ

ਖ਼ਬਰਾਂ, ਪੰਜਾਬ

1947 ਵਿਚ ਮਿਲੀ ਆਜ਼ਾਦੀ ‘‘ਭੀਖ’’ ਸੀ, ਅਸਲ ਆਜ਼ਾਦੀ 2014 ਵਿਚ ਮਿਲੀ : ਕੰਗਨਾ ਰਣੌਤ

image

ਕੰਗਨਾ ਦੀ ਟਿਪਣੀ ਤੋਂ ਬਾਅਦ ਵਿਵਾਦ ਛਿੜਿਆ

ਨਵੀਂ ਦਿੱਲੀ, 11 ਨਵੰਬਰ : ਅਭਿਨੇਤਰੀ ਕੰਗਨਾ ਨੇ ਇਹ ਕਹਿ ਕੇ ਵਿਵਾਦ ਪੈਦਾ ਕਰ ਦਿਤਾ ਕਿ ਭਾਰਤ ਨੂੰ ਅਸਲ ਆਜ਼ਾਦੀ 2014 ਵਿਚ ਮਿਲੀ, ਜਦਕਿ 1947 ਵਿਚ ਮਿਲੀ ਆਜ਼ਾਦੀ ਨਹੀਂ ਸੀ ਬਲਕਿ ਇਕ ਭੀਖ ਸੀ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅਭਿਨੇਤਰੀ ਕੰਗਨਾ ਰਣੌਤ ਦੀ ਇਸ ਕਥਿਤ ਟਿਪਣੀ ’ਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਵਰੁਣ ਗਾਂਧੀ ਨੇ ਅਭਿਨੇਤਰੀ ਦੀ ਇਕ ਵੀਡੀਉ ਕਲਿਪ ਵੀ ਸਾਂਝੀ ਕੀਤੀ ਜਿਸ ਵਿਚ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਦੌਰਾਨ ਕੰਗਨਾ ਰਣੌਤ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਵੋਹ ਆਜ਼ਾਦੀ ਨਹੀਂ ਬਲਕਿ ਭੀਖ ਸੀ ਅਤੇ ਜੋ ਆਜ਼ਾਦੀ ਮਿਲੀ ਹੈ, ਉਹ 2014 ਵਿਚ ਮਿਲੀ।’’ ਹਾਲ ਹੀ ਵਿਚ ਪਦਮ ਸ਼੍ਰੀ ਸਨਮਾਨ ਹਾਸਲ ਕਰਨ ਵਾਲੀ ਕੰਗਨਾ ਰਣੌਤ ਦਾ ਇਸ਼ਾਰਾ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਵਲ ਸੀ। ਕੰਗਨਾ ਅਪਣੇ ਫ਼ਿਰਕੂ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। 
ਕੰਗਨਾ ਰਣੌਤ ਦੀ ਆਲੋਚਨਾ ਕਰਦਿਆਂ ਵਰੁਣ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘‘ਕਦੇ ਮਹਾਤਮਾ ਗਾਂਧੀ ਜੀ ਦੇ ਤਿਆਗ ਅਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਅਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਛਮੀਬਾਈ, ਭਗਤ ਸਿੰਘ, ਚੰਦਰਸ਼ੇਖ਼ਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਲੱਖਾਂ ਆਜ਼ਾਦੀ ਗੁਲਾਟੀਆਂ ਦੀਆਂ ਕੁਰਬਾਨੀਆਂ ਦਾ ਨਿਰਾਦਰ, ਇਸ ਸੋਚ ਨੂੰ ਮੈਂ ਪਾਗਲਪਨ ਕਹਾਂ ਜਾਂ ਫਿਰ ਦੇਸ਼ ਧਰੋਹ?’’ 
ਦੂਜੇ ਪਾਸੇ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਮੈਂ ਬਿਲਕੁਲ ਸਾਫ਼ ਕਿਹਾ ਹੈ ਕਿ 1857 ਦੀ ਕ੍ਰਾਂਤੀ, ਪਹਿਲੀ ਆਜ਼ਾਦੀ ਦੀ ਲੜਾਈ ਸੀ ਜਿਸ ਨੂੰ ਦਬਾ ਦਿਤਾ ਗਿਆ ਅਤੇ ਇਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਦੇ ਜ਼ੁਲਮ ਅਤੇ ਜਬਰ ਹੋਰ ਵੱਧ ਗਏ ਅਤੇ ਕਰੀਬ ਇਕ ਸ਼ਤਾਬਦੀ ਬਾਅਦ ਸਾਨੂੰ ਗਾਂਧੀ ਜੀ ਦੇ ਭੀਖ ਦੇ ਕਟੋਰੇ ਵਿਚ ਆਜ਼ਾਦੀ ਦਿਤੀ ਗਈ।’’ ਇਸ ਦੌਰਾਨ ਬਿਹਾਰ ਦੇ ਸੀਨੀਅਰ ਆਗੂ ਜੀਤਨਰਾਮ ਮਾਂਝੀ ਨੇ ਕੰਗਨਾ ਦੇ ਬਿਆਨ ’ਤੇ ਸਖ਼ਤ ਇਤਰਾਜ਼ ਕਰਦਿਆਂ ਉਸ ਨੂੰ ਕੁੱਝ ਦਿਨ ਪਹਿਲਾਂ ਦਿਤਾ ਗਿਆ ਪਦਮਸ੍ਰੀ ਸਨਮਾਨ ਵਾਪਸ ਲੈਣ ਦੀ ਮੰਗ ਕੀਤੀ।