ਖ਼ਾਕੀ ਹੋਈ ਦਾਗ਼ਦਾਰ : ਰਿਸ਼ਵਤ ਲੈ ਕੇ ਛੱਡਿਆ ਅਫ਼ੀਮ ਤਸਕਰ, ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4 ਪੁਲਿਸ ਕਰਮਚਾਰੀਆਂ ਵਲੋਂ 40 ਲੱਖ ਰੁਪਏ ਦੀ ਰਿਸ਼ਵਤ ਲੈ ਅਫ਼ੀਮ ਸਮੱਗਲਰਾਂ ਨੂੰ ਛੱਡਣ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਸੀ ਕਿ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ।

SSP Harwinder Singh Virk

ਤਰਨਤਾਰਨ (ਰਵੀ ਖਹਿਰਾ) : ਜ਼ਿਲ੍ਹਾ ਪੁਲਿਸ ਵਿਚ ਤਾਇਨਾਤ 4 ਪੁਲਿਸ ਕਰਮਚਾਰੀਆਂ ਵਲੋਂ 40 ਲੱਖ ਰੁਪਏ ਦੀ ਰਿਸ਼ਵਤ ਲੈ ਅਫ਼ੀਮ ਸਮੱਗਲਰਾਂ ਨੂੰ ਛੱਡਣ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਸੀ ਕਿ ਖ਼ਾਕੀ ਵਰਦੀ ਨੂੰ ਦਾਗ਼ਦਾਰ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਦੇ ਬਿਆਨਾਂ ਹੇਠ ਥਾਣਾ ਸਿਟੀ ਅਧੀਨ ਆਉਂਦੀ ਪੁਲਸ ਚੌਂਕੀ ਟਾਊਨ ਦੇ ਇੰਚਾਰਜ ਖ਼ਿਲਾਫ਼ 15 ਕਿੱਲੋ ਅਫ਼ੀਮ ਸਮੇਤ ਸਮੱਗਲਰ ਨੂੰ ਛੱਡਣ ਬਦਲੇ 6.68 ਲੱਖ ਰੁਪਏ ਰਿਸ਼ਵਤ ਲੈਣ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਚੌਕੀ ਇੰਚਾਰਜ ਏ ਐੱਸ ਆਈ ਹਰਪਾਲ ਸਿੰਘ ਦੇ ਸਮਗਲਰਾਂ ਨਾਲ ਸਬੰਧ ਹੋਣੇ ਪਾਏ ਗਏ ਹਨ।

ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਥਾਣੇਦਾਰ ਵਲੋਂ ਇਸ ਤਰ੍ਹਾਂ ਦੇ ਕਿੰਨੇ ਮਾਮਲਿਆਂ ਨੂੰ ਅੰਜਾਮ ਦਿਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਉਸ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਡੀ.ਜੀ.ਪੀ. ਪੰਜਾਬ ਨੂੰ ਕੀਤੀ ਜਾ ਰਹੀ ਹੈ। ਅਫ਼ੀਮ ਸਮੱਗਲਰਾਂ ਤੋਂ ਰਿਸ਼ਵਤ ਲੈ ਕੇ ਛੱਡਣ ਵਾਲੇ ਥਾਣੇਦਾਰ ਹਰਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।