ਅਕਾਲੀ ਦਲ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਵਿਚਾਲੇ ਸੋਨੀਆ ਮਾਨ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

“ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ”

Sonia Mann

 

ਚੰਡੀਗੜ੍ਹ - ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਪੰਜਾਬੀ ਅਦਾਕਾਰਾ ਸੋਨੀਆ ਮਾਨ ਅਕਾਲੀ ਦਲ ਵਿਚ ਸ਼ਾਮਲ ਹੋਵੇਗੀ ਤੇ ਇਹ ਖ਼ਬਰ ਆਉਣ ਤੋਂ ਬਾਅਦ ਹੀ ਕਈ ਲੋਕਾਂ ਨੇ ਉਹਨਾਂ ਖਿਲਾਫ਼ ਬਿਆਨਬਾਜ਼ੀ ਕੀਤੀ। ਜਿਸ ਤੋਂ ਬਾਅਦ ਅੱਜ ਸੋਨੀਆ ਮਾਨ ਨੇ ਪ੍ਰੈਸ ਰਿਲੀਜ਼ ਵਿਚ ਉਹਨਾਂ ਲੋਕਾਂ ਨੂੰ ਕਈ ਸਵਾਲ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਗੱਦਾਰ ਜਾਂ ਹੋਰ ਵੀ ਕਈ ਘਟੀਆ ਬਿਆਨਬਾਜ਼ੀ ਕੀਤੀ। ਸੋਨੀਆ ਮਾਨ ਨੇ ਅਪਣੇ ਪ੍ਰੈਸ ਰਿਲੀਜ਼ ਵਿਚ ਕਿਹਾ 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਦਾ ਦਰਜਾ ਦਿੰਦਿਆਂ ਰਾਜਿਆਂ, ਮਹਾਰਾਜਿਆਂ ਤੇ ਗੁਰੂਆਂ, ਪੀਰਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ । ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ  ਕੁਝ ਅਖ਼ਬਾਰੀ ਖ਼ਬਰਾਂ ਅਫਵਾਹਾਂ ਨੂੰ ਆਧਾਰ ਬਣਾ ਕੇ  ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ।  ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ। ਉਹਨਾਂ ਵੱਲੋਂ  ਇਸ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੀ ਖਾਤਰ ਮੇਰੇ ਉਪਰ ਨਿੱਜੀ ਹਮਲੇ ਕੀਤੇ ਇਸ ਨੇ ਜਿਥੇ ਮੇਰੇ ਦਿਲ ਨੂੰ ਝੰਜੋੜਿਆ ਉਥੇ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ ਜਿਸ ਸਮਾਜ ਲਈ ਮੈਂ ਆਪਣੇ ਕਾਰੋਬਾਰ ਦਾ ਤਿਆਗ ਕੀਤਾ,  ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ।

ਉਹ ਪਵਿੱਤਰ ਕਿਸਾਨੀ ਮੋਰਚਾ ਜਿਸ ਨੂੰ ਕਾਮਯਾਬ ਕਰਨ ਲਈ ਮੈਂ ਦਿਨ ਰਾਤ ਇੱਕ ਕੀਤਾ।  ਆਪਣੀਆਂ ਨਿੱਜੀ ਰੰਜਿਸ਼ਾਂ ਤੇ ਚੌਧਰ ਦੀ ਖਾਤਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਿਆਂ ਨੇ ਚੰਦ ਮਿੰਟਾਂ ਵਿਚ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ। ਮੈਂ ਪਿੰਡ-ਪਿੰਡ,  ਗਲੀ ਗਲੀ ਕਿਸਾਨੀ ਬਿੱਲਾਂ ਦੇ ਹੱਕ ਵਿਚ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ। ਹਰ ਪਿੰਡ ਵਿਚ ਕਿਸਾਨੀ ਦੇ ਹੱਕ ਵਿਚ ਤੰਬੂ ਲਗਾਉਣ ਦਾ ਹੋਕਾ ਦਿੱਤਾ। ਹਰਿਆਣਾ , ਰਾਜਸਥਾਨ, ਯੂ.ਪੀ,  ਲਖੀਮਪੁਰ ਖੇੜੀ ਮੈਂ ਨਿੱਜੀ ਹਿੱਤਾਂ ਦੀ ਖਾਤਰ ਨਹੀਂ ਸਗੋਂ ਸਮਾਜ ਦੇ ਲੋਕਾਂ ਲਈ ਗਈ ਸੀ। ਲਖੀਮਪੁਰ ਖੇੜੀ ਵਿਚ ਪੰਜ ਜ਼ਿਲ੍ਹਿਆਂ ਦੀ ਪੁਲਿਸ ਨੇ ਮੈਨੂੰ ਘੇਰਾ ਪਾਇਆ ਮੈਨੂੰ ਜ਼ਬਰਦਸਤੀ ਗ੍ਰਿਫ਼ਤਾਰ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ।

ਮੇਰੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਕਿਸੇ ਵੀ ਕਿਸਾਨ ਨੇਤਾ ਨੇ ਸਟੇਜ 'ਤੇ ਮੇਰੇ ਨਾਲ ਵਾਪਰੀ ਘਟਨਾ ਦੀ ਨਿੰਦਾ ਨਹੀਂ ਕੀਤੀ। ਇਕ ਔਰਤ ਹੋਣ ਦੇ ਨਾਤੇ ਮੈਂ ਇਕੱਲੀ ਨੇ ਲੜਾਈ ਆਪਣੇ ਦਮ 'ਤੇ ਲੜੀ। ਲਖੀਮਪੁਰ ਘਟਨਾ ਦਾ ਇਨਾਮ ਕਿਸਾਨੀ ਮੋਰਚੇ ਵੱਲੋਂ ਮੈਨੂੰ ਇਹ ਦਿੱਤਾ ਗਿਆ ਕਿ ਮੈਨੂੰ ਕਿਸਾਨੀ ਮੋਰਚੇ ਦੀ ਸਟੇਜ ਉਪਰੋਂ ਬੋਲਣ ਲਈ ਇਜਾਜ਼ਤ ਨਹੀਂ ਮਿਲੀ। ਸੋਸ਼ਲ ਮੀਡੀਆ 'ਤੇ ਆਪਣੀ ਝੂਠੀ ਵਾਹ ਵਾਹ ਖੱਟਣ ਵਾਲਿਆਂ ਨੇ ਓਸ ਵਕਤ ਇੱਕ ਵੀ ਸ਼ਬਦ ਮੇਰੇ ਹੱਕ ਵਿਚ ਨਹੀਂ ਬੋਲਿਆ ਜਾਂ ਲਿਖਿਆ।  ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਥੇਬੰਦੀ ਨਾਲ ਨਹੀਂ ਜੁੜੀ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ , ਮੈਨੂੰ ਕਾਲੇ ਝੰਡੇ ਦਿਖਾਉਣ,  ਮੈਨੂੰ ਬੇਇੱਜ਼ਤ ਕਰਨ ਅਤੇ ਜਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ। ਮੇਰੇ ਸਤਿਕਾਰਯੋਗ ਵੀਰ ਅਤੇ ਜੱਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਨ੍ਹਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਬੇਸਹਾਰਾ ਨਾਲ, ਜਿਸ ਦੇ ਸਿਰ ਉੱਤੇ ਪਿਓ ਦਾ ਸਾਇਆ ਨਹੀਂ ਸੀ।

ਪਿਤਾ 16 ਦਿਨਾਂ ਦੀ ਨੂੰ ਛੱਡ ਕੇ ਇਸ ਦੁਨੀਆਂ ਤੋਂ ਸਮਾਜ ਦੀ ਖ਼ਾਤਰ ਆਪਣਾ ਆਪ ਕੁਰਬਾਨ ਕਰ ਗਏ।  16 ਦਿਨਾਂ ਤੋਂ ਲੈ ਕੇ ਅੱਜ ਤੱਕ ਮੇਰੀ ਇਕੱਲੀ ਮਾਂ ਤੇ ਮੈਂ ਇਕ-ਇਕ ਦਿਨ ਕਿਵੇਂ ਕੱਟਿਆ ਮੈਂ ਤੇ ਮੇਰਾ ਪਰਿਵਾਰ ਹੀ ਜਾਣਦਾ ਹੈ। ਮੇਰੇ 'ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿਚ ਝਾਕਣ। ਕਿਰਪਾ ਕਰਕੇ ਤੁਸੀਂ ਮੈਨੂੰ ਇਕ ਗੱਲ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਵਿਰੋਧ ਜਾਂ ਮੇਰੇ ਖਿਲਾਫ ਬੋਲਣ ਨਾਲ ਇਹ ਤਿੰਨ ਬਿੱਲ ਰੱਦ ਹੋ ਜਾਣਗੇ। ਇੱਕ ਸਾਲ ਤੋਂ ਤਿੰਨ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਹੈ। ਲੋਕਤੰਤਰ ਵਿਚ ਹਰ ਵਿਅਕਤੀ , ਹਰ ਜਥੇਬੰਦੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤਾ ਹੈ।

ਜਿਹੜਾ ਵੀ ਇਨਸਾਨ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਗੱਲ ਕਰਦਾ ਹੈ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਤੇ ਦੇਸ਼ ਧ੍ਰੋਹੀ ਹੈ। ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਅਤੇ ਮੋਰਚੇ 'ਤੇ ਬੈਠੇ ਲੋਕ ਕੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹਨ? ਜੇਕਰ ਹਨ ਤਾਂ ਕੀ ਮੈਨੂੰ ਸਿਰਫ਼ ਇਕ ਔਰਤ ਹੋਣ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਜਰੂਰ ਕਰਨ। ਸੰਵਿਧਾਨ ਨਿਰਮਾਤਾ ਡਾਕਟਰ ਬੀ .ਆਰ. ਅੰਬੇਦਕਰ ਸਾਹਿਬ ਜ਼ਿੰਦਾਬਾਦ।  ਤੁਹਾਡੇ ਜਵਾਬ ਦੀ ਉਡੀਕ ਵਿਚ- ਸੋਨੀਆ ਮਾਨ