ਕੈਪਟਨ ਨੇ ਉਮੀਦ ਮੁਤਾਬਕ ਕੰਮ ਨਹੀਂ ਕੀਤਾ ਇਸੇ ਕਰ ਕੇ ਕੁਰਸੀ ਤੋਂ ਲਾਹਿਆ - ਬੀਬੀ ਭੱਠਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਬੀ ਭੱਠਲ ਨੇ ਸੀਐਮ ਚੰਨੀ ਦੀਆਂ ਤਰੀਫਾਂ ਦੇ ਬੰਨ੍ਹੇ ਪੁੱਲ, “ਚੰਨੀ ਸਰਕਾਰ ਨੇ ਥੋੜ੍ਹੇ ਸਮੇਂ ‘ਚ ਲਏ ਇਤਿਹਾਸਕ ਫੈਸਲੇ

Rajinder Kaur Bhattal

 

ਸੰਗਰੂਰ - ਜਦੋਂ ਤੋਂ ਚੰਨੀ ਸਰਕਾਰ ਬਣੀ ਹੈ ਉਦੋਂ ਤੋਂ ਕਈ ਵੱਡੇ ਐਲਾਨ ਕਰ ਰਹੀ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਉਹਨਾਂ ਦੀ ਨਵੀਂ ਪਾਰਟੀ ਨੂੰ ਲੈ ਕੇ ਜਾਂ ਫਿਰ ਕਾਂਗਰਸ ਦੇ ਕਿਲਾਫ਼ ਬੋਲਣ ਨੂੰ ਲੈ ਕੇ ਹਰ ਕੋਈ ਉਹਨਾਂ 'ਤੇ ਨਿਸ਼ਾਨਾ ਸਾਧ ਰਿਹਾ ਹੈ ਤੇ ਅੱਜ ਫਿਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਨੂੰ ਕਰੜੇ ਹੱਥੀਂ ਲਿਆ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲ ’ਚ ਕੋਈ ਕੰਮ ਨਹੀਂ ਕੀਤਾ ਤਾਂ ਹੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਕੁਰਸੀ ਤੋਂ ਲਾਹਿਆ ਗਿਆ ਹੈ।

ਇਹ ਬਿਆਨ ਬੀਬੀ ਭੱਠਲ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ। ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਜ਼ਿਆਦਾ ਵਾਰ ਮੁੱਖ ਮੰਤਰੀ, ਸੂਬੇ ਦਾ ਪ੍ਰਧਾਨ ਤੇ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਹਨ ਪਰ ਜਦੋਂ ਹੁਣ ਪਾਰਟੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸੀ ਜਿਸ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਪਰ ਕੈਪਟਨ ਨੂੰ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਲਾਇਆ ਗਿਆ ਸੀ

ਪਰ ਅਸੀਂ ਮਿਲ ਕੇ ਪਾਰਟੀ ਤੇ ਲੋਕਾਂ ਦੇ ਕੰਮ ਕਰਦੇ ਰਹੇ ਕੈਪਟਨ ਨੂੰ ਵੀ ਪਾਰਟੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਸੀ, ਉਹਨਾਂ ਨੇ ਪਾਰਟੀ ਬਣਾ ਕੇ ਬਹੁਤ ਗਲਤ ਕੀਤਾ ਹੈ ਹਾਲਾਂਕਿ ਉਹਨਾਂ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ ਹੈ। ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ’ਚ 50 ਕਿਲੋਮੀਟਰ ਤੱਕ ਦੇ ਇਲਾਕੇ ’ਚ ਬੀ.ਐੱਸ.ਐੱਫ਼. ਲਾਉਣ ਦੇ ਮਾਮਲੇ ’ਤੇ ਕੇਂਦਰ ਸਰਕਾਰ ਦੀ ਹਮਾਇਤ ਕਰਨ ’ਤੇ ਵੀ ਸਵਾਲ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਸੂਬੇ ਲਈ ਵੱਧ ਅਧਿਕਾਰਾਂ ਦੀ ਗੱਲ ਕਰਦੇ ਰਹੇ ਸਨ ਅਤੇ ਆਨੰਦਪੁਰ ਮਤੇ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਸੱਤਾ ਦੇ ਲਾਲਚ 'ਚ ਪੰਜਾਬ ਦੇ ਅਧਿਕਾਰਾਂ ਨੂੰ ਸੀਮਿਤ ਕਰਨ ਵਾਲੀ ਭਾਜਪਾ ਸਰਕਾਰ ਦੀ ਸ਼ਲਾਘਾ ਕਰ ਕੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।