26 ਨਵੰਬਰ ਨੂੰ ਦਿੱਲੀ ਸਰਹੱਦਾਂ ’ਤੇ ਮੋਰਚੇ ਦੀ ਪਹਿਲੀ ਵਰ੍ਹੇਗੰਢ ਮਨਾਈ ਜਾਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਖਨਊ ’ਚ 22 ਨਵੰਬਰ ਨੂੰ ਹੋਵੇਗੀ ਮਹਾਂਪੰਚਾਇਤ

Farmers Protest

 

ਨਵੀਂ ਦਿੱਲੀ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਲਖਨਊ ਵਿਚ 22 ਨਵੰਬਰ 2021 ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਯੂ.ਪੀ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਪਣੇ ਕਾਡਰ ਨੂੰ ਲਾਮਬੰਦ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਾਂਪੰਚਾਇਤ ਇਕ ਵੱਡੀ ਸਫ਼ਲਤਾ ਹੈ ਅਤੇ ਯੂ.ਪੀ ਰਾਜ ਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਨੂੰ ਇਕ ਸਖ਼ਤ ਸੰਦੇਸ਼ ਦਿੰਦੀ ਹੈ। 

 

26 ਨਵੰਬਰ ਨੂੰ ਇਸ ਇਤਿਹਾਸਕ ਕਿਸਾਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਮੌਕੇ ਵੀ ਲਾਮਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਿੱਲੀ ਨੇੜੇ ਸਾਰੇ ਮੋਰਚੇ ਵਾਲੀਆਂ ਥਾਵਾਂ ’ਤੇ ਵੱਡੇ ਇਕੱਠ ਹੋਣ। ਵੱਖ-ਵੱਖ ਦੂਰ-ਦੁਰਾਡੇ ਰਾਜਾਂ ਵਿਚ ਵੀ 26 ਨਵੰਬਰ ਨੂੰ ਵੱਡੇ ਰੋਸ ਮੁਜ਼ਾਹਰਿਆਂ ਦੀ ਵਿਉਂਤਬੰਦੀ ਚਲ ਰਹੀ ਹੈ। 14 ਨਵੰਬਰ ਨੂੰ ਪੀਲੀਭੀਤ ਜ਼ਿਲੇ, ਯੂ.ਪੀ ਦੇ ਪੂਰਨਪੁਰ ਵਿਚ ਸੰਯੁਕਤ ਕਿਸਾਨ ਮੋਰਚਾ ਹਲਕੇ ਦੇ ਲੋਕਾਂ ਦੁਆਰਾ ‘ਲਖੀਮਪੁਰ ਨਿਆਏ ਮਹਾਂਪੰਚਾਇਤ’ ਨਾਮਕ ਇਕ ਵੱਡੇ ਕਿਸਾਨ ਇਕੱਠ ਦੀ ਯੋਜਨਾ ਬਣਾਈ ਜਾ ਰਹੀ ਹੈ।

 

 

 ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਫ਼ੈਡਰੇਸ਼ਨਾਂ ਦੇ ਸਾਂਝੇ ਮੰਚ ਵਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਵਰਕਰਾਂ ਦੀ ਕੌਮੀ ਕਨਵੈਨਸ਼ਨ ਹੋਈ। ਗੁਰਪ੍ਰੀਤ ਸਿੰਘ (45) ਨਾਮਕ ਕਿਸਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਵਾਬ ਨਾ ਮਿਲਣ ਤੋਂ ਨਿਰਾਸ਼ ਹੋ ਕੇ ਸਿੰਘੂ ਬਾਰਡਰ ਵਿਖੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਿਆ।  ਉਹ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ।  

 

 

ਉਹ ਸ਼ੁਰੂ ਤੋਂ ਹੀ ਇਸ ਅੰਦੋਲਨ ਵਿਚ ਬਾਕਾਇਦਾ ਭਾਗੀਦਾਰ ਸੀ। ਸੰਯੁਕਤ ਕਿਸਾਨ ਮੋਰਚਾ ਗੁਰਪ੍ਰੀਤ ਸਿੰਘ ਦੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਮੋਰਚਾ ਸਾਰੇ ਬਹਾਦਰ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਕਿਸੇ ਵੀ ਸਥਿਤੀ ਵਿਚ ਇਸ ਅਤਿਅੰਤ ਕਦਮ ਬਾਰੇ ਨਾ ਸੋਚਣ।