ਐਂਟੀ ਨਾਰਕੋਟਿਕਸ ਸੈੱਲ ਤੇ ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਨਸ਼ਾ ਤਸਕਰੀ ਦੇ ਮਾਮਲੇ ’ਚ ਜੀਜਾ-ਸਾਲਾ ਸਮੇਤ 3 ਮੁਲਜ਼ਮ ਕਾਬੂ
300 ਗ੍ਰਾਮ ਹੈਰੋਇਨ, 1 ਕਿੱਲੋ ਅਫ਼ੀਮ, 24 ਗ੍ਰਾਮ ਆਈਸ,1 ਪਿਸਤੌਲ, 50 ਹਜ਼ਾਰ ਡਰੱਗ ਮਨੀ, 1 ਕਾਰ ਤੇ 1 ਦੋਪਹੀਆ ਵਾਹਨ ਹੋਇਆ ਬਰਾਮਦ
ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਜੀਜਾ ਤੇ ਸਾਲਾ ਸਮੇਤ ਤਿੰਨ ਨੂੰ ਐਂਟੀ ਨਾਕਰੋਟਿਕਸ ਸੈੱਲ ਦੀ ਪੁਲਿਸ ਨੇ ਕਾਬੂ ਕੀਤਾ ਹੈ । ਦਰਅਸਲ ਇਹ ਦਿੱਲੀ ਦੇ ਇਕ ਨਾਈਜੀਰੀਅਨ ਤੋਂ ਹੈਰੋਇਨ ਅਤੇ ਆਈਸ ਲਿਆ ਕੇ ਸ਼ਹਿਰ ’ਚ ਸਪਲਾਈ ਕਰਦੇ ਸਨ। ਫੜੇ ਗਏ ਮੁਲਜ਼ਮਾਂ ਵਿਚ ਬੀ. ਆਰ. ਐੱਸ. ਨਗਰ ਦਾ ਪਰਮਵੀਰ ਸਿੰਘ ਉਰਫ ਮਾਰਸ਼ਲ, ਉਸ ਦਾ ਸਾਲਾ ਕੰਵਲਜੀਤ ਸਿੰਘ ਉਰਫ ਕੱਪੂ ਅਤੇ ਸਾਥੀ ਯਾਦਵਿੰਦਰ ਸਿੰਘ ਉਰਫ ਰਿੰਕਲ ਸ਼ਾਮਲ ਹਨ। ਲੁਧਿਆਣਾ ਪੁਲਿਸ ਨੇ 3 ਮੁਲਜ਼ਮਾਂ ਨੂੰ 3 ਵੱਖ ਵੱਖ ਕੇਸਾਂ ਵਿੱਚ ਕਾਬੂ ਕਰ ਕੇ ਉਨ੍ਹਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਐਂਟੀ ਨਾਰਕੋਟਿਕਸ ਸੈੱਲ-1 ਦੀ ਟੀਮ ਨੇ ਦੋਸ਼ੀਆਂ ਤੋਂ ਡਰੱਗ ਮਨੀ 50,000/- ਰੁਪਏ, 300 ਗ੍ਰਾਮ ਹੈਰੋਇਨ, 1 ਕਿੱਲੋ ਅਫੀਮ, 24 ਗ੍ਰਾਮ ਆਈਸ, 1 ਕਾਰ, 1 ਦੋਪਹੀਆ ਵਾਹਨ ਅਤੇ 1 ਪਿਸਤੌਲ (2 ਮੈਗਜ਼ੀਨ ਅਤੇ 7 ਜਿੰਦਾ ਰੌਂਦ) ਬਰਾਮਦ ਕੀਤੇ।
ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਡੀ. ਸੀ. ਪੀ. ਵਰਿੰਦਰ ਸਿੰਘ ਬਰਾੜ, ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਦੀ ਅਗਵਾਈ ’ਚ ਏ. ਸੀ. ਪੀ. ਅਸ਼ੋਕ ਕੁਮਾਰ ਨੇ ਐਂਟੀ ਨਾਰਕੋਟਿਕਸ ਸੈੱਲ-1 ਦੀ ਟੀਮ ਦੇ ਨਾਲ ਗਸ਼ਤ ’ਤੇ ਸਨ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਭਾਰੀ ਮਾਤਰਾ ’ਚ ਨਸ਼ਾ ਲੈ ਕੇ ਆ ਰਹੇ ਹਨ, ਜੋ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨਗੇ।
ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਪਰਮਵੀਰ ਤੇ ਯਾਦਵਿੰਦਰ ਦਿੱਲੀ ਦੇ ਨਾਈਜੀਰੀਅਨ ਤੋਂ ਨਸ਼ਾ ਲੈ ਕੇ ਆਉਂਦੇ ਸਨ। ਇਸ ਤੋਂ ਇਲਾਵਾ ਅਫੀਮ ਉਹ ਬਰੇਲੀ ਤੋਂ ਲੈ ਕੇ ਆਏ ਸਨ ਅਤੇ ਪੁੱਛਣ ’ਤੇ ਮੁਲਜ਼ਮ ਨੇ ਦੱਸਿਆ ਕਿ ਉਸ ਕੋਲ ਕੋਈ ਕੰਮ-ਧੰਦਾ ਨਹੀਂ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ। ਮੁਲਜ਼ਮ ਨੇ ਨਸ਼ਾ ਪੂਰਾ ਕਰਨ ਲਈ ਨਸ਼ਾ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ।
ਸੀ. ਪੀ. ਡਾ. ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਕੰਵਲਜੀਤ ਸਿੰਘ ਉਰਫ ਕੱਪੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ, 7 ਜ਼ਿੰਦਾ ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਹੋਏ ਹਨ। ਕੰਵਲਜੀਤ, ਮੁਲਜ਼ਮ ਪਰਵਮੀਰ ਸਿੰਘ ਦਾ ਸਾਲਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕੁੱਟਮਾਰ ਦਾ ਕੇਸ ਦਰਜ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਇਕੱਠੇ ਹੀ ਕੰਮ ਕਰਦੇ ਸਨ।