ਡੇਰਾ ਪ੍ਰੇਮੀ ਪ੍ਰਦੀਪ ਕਤਲ ਮਾਮਲਾ - ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਜਣੇ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬ

ਦੋ ਫ਼ਰੀਦਕੋਟ ਦੇ ਤੇ ਇੱਕ ਮੋਗਾ ਦਾ ਨੌਜਵਾਨ ਸ਼ਾਮਲ ਹੈ।

Dera premi Pradeep murder case - four people named including gangster Goldie Brar

 

ਫ਼ਰੀਦਕੋਟ- ਕੋਟਕਪੂਰਾ ਵਿੱਚ ਹੋਏ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਾਮਲੇ ਵਿੱਚ ਤਾਜ਼ਾ ਅਪਡੇਟ ਆਇਆ ਹੈ। ਇਸ ਮਾਮਲੇ 'ਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਫ਼ਰੀਦਕੋਟ ਦੇ ਤੇ ਇੱਕ ਮੋਗਾ ਦਾ ਨੌਜਵਾਨ ਸ਼ਾਮਲ ਹੈ। ਸਾਲ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਉਰਫ਼ ਰਾਜੂ ਦੇ ਕਤਲ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਨੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸਮੇਤ ਕੁੱਲ ਚਾਰ ਜਣਿਆਂ ਨੂੰ ਨਾਮਜ਼ਦ ਕੀਤਾ ਹੈ।

ਗੋਲਡੀ ਬਰਾੜ ਤੋਂ ਇਲਾਵਾ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਸੁਸਾਇਟੀ ਨਗਰ ਫਰੀਦਕੋਟ, ਭੁਪਿੰਦਰ ਸਿੰਘ ਗੋਲਡੀ ਵਾਸੀ ਸ਼ਹੀਦ ਬਲਵਿੰਦਰ ਸਿੰਘ ਨਗਰ, ਅਤੇ ਹਰਜਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਮੁਨਾਵਾ, ਮੋਗਾ ਦੇ ਨਾਂਅ ਸ਼ਾਮਲ ਹਨ। ਕਿਹਾ ਗਿਆ ਹੈ ਕਿ ਫ਼ਰੀਦਕੋਟ ਦੇ ਰਹਿਣ ਵਾਲੇ ਦੋਵੇਂ ਨੌਜਵਾਨਾਂ ਬਾਰੇ ਪੁਲਿਸ ਨੂੰ ਘਟਨਾ ਵਾਲੇ ਦਿਨ ਹੀ ਸੁਰਾਗ ਮਿਲ ਗਿਆ ਸੀ, ਅਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਦੇ ਘਰ ਛਾਪੇਮਾਰੀ ਵੀ ਕੀਤੀ ਸੀ।

ਮੋਗਾ ਦਾ ਹਰਜਿੰਦਰ ਸਿੰਘ ਫ਼ਰੀਦਕੋਟ ਜੇਲ 'ਚ ਬੰਦ ਸੀ ਅਤੇ ਇਸ ਸਮੇਂ ਮੋਗਾ ਪੁਲਸ ਦੇ ਰਿਮਾਂਡ 'ਤੇ ਹੈ। ਹਰਜਿੰਦਰ ਸਿੰਘ ਨੇ ਫ਼ਰੀਦਕੋਟ ਦੇ ਰਹਿਣ ਵਾਲੇ ਦੋਵੇਂ ਮੁਲਜ਼ਮਾਂ ਦਾ ਗੋਲਡੀ ਬਰਾੜ ਨਾਲ ਸੰਪਰਕ ਬਣਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਗਲੀਆਂ ਵਿੱਚ ਖਿਲਾਰ ਕੇ ਬੇਅਦਬੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਉਰਫ਼ ਰਾਜੂ ਨੂੰ ਵੀਰਵਾਰ ਦੇ ਦਿਨ ਛੇ ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਕੁ ਵਜੇ ਕੋਟਕਪੂਰਾ ਵਿਖੇ ਉਸ ਦੀ ਦੁਕਾਨ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਿਆਨੇ ਦੀ ਦੁਕਾਨ ਅਤੇ ਡੇਅਰੀ ਚਲਾਉਣ ਵਾਲੇ ਪ੍ਰਦੀਪ ਨੂੰ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਸੀ 

ਪ੍ਰਦੀਪ ਜਦੋਂ ਬਚਾਅ ਲਈ ਭੱਜਣ ਲਈ ਲੱਗਾ ਤਾਂ ਇੱਕ ਗੋਲੀ ਨੇੜੇ ਖੜ੍ਹੇ ਸਾਬਕਾ ਐਮ.ਸੀ. ਅਮਰ ਸਿੰਘ ਵਿਰਦੀ ਨੂੰ ਵੀ ਲੱਗ ਗਈ ਸੀ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਤਿੰਨਾਂ ਵਿਅਕਤੀਆਂ ਨੂੰ ਕੋਟਕਪੂਰਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ, ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਭੇਜ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦਾ ਧਿਆਨ ਇਸ ਮਾਮਲੇ 'ਚ ਸੀ, ਅਤੇ ਹੁਣ ਦੇਖਣਾ ਹੋਵੇਗਾ ਕਿ ਨਾਮਜ਼ਦ ਹੋਏ ਮੁਲਜ਼ਮਾਂ ਖ਼ਿਲਾਫ਼ ਕਨੂੰਨੀ ਕਾਰਵਾਈਆਂ ਕਿਸ ਤਰ੍ਹਾਂ ਅੱਗੇ ਵਧਦੀਆਂ ਹਨ।