ਸੁਧੀਰ ਸੂਰੀ ਕਤਲ ਮਾਮਲਾ: ਸੰਦੀਪ ਸੰਨੀ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਸੰਦੀਪ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
ਅੰਮ੍ਰਿਤਸਰ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਨੌਜਵਾਨ ਸੰਦੀਪ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਇੱਥੇ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸੰਦੀਪ ਸੰਨੀ ਨੂੰ ਪਹਿਲਾਂ ਸੱਤ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ ਅਤੇ ਅੱਜ ਰਿਮਾਂਡ ਖਤਮ ਹੋਣ 'ਤੇ ਸੰਦੀਪ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਸੰਦੀਪ ਸੰਨੀ ਨੂੰ ਅਦਾਲਤ ਵਿਚ ਪੇਸ਼ ਕਰਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੀ ਅੱਜ ਅਦਾਲਤ ਦੇ ਬਾਹਰ ਪਹੁੰਚੀਆਂ। ਉਧਰ ਪੁਲਿਸ ਵਲੋਂ ਸੁਰੱਖਿਆ ਵਿਵਸਥਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅਦਾਲਤ ਦੇ ਹੁਕਮ ਅਨੁਸਾਰ ਹੁਣ ਸੰਦੀਪ ਸੰਨੀ ਨੂੰ 15 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਅਦਾਲਤ ਵੱਲੋਂ ਸੰਦੀਪ ਸਿੰਘ ਅਤੇ ਸਨੀ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਹੋਇਆ ਹੈ ਅਜੇ ਜਾਂਚ ਕਰਨੀ ਬਾਕੀ ਹੈ। ਉੱਥੇ ਹੀ ਸੰਦੀਪ ਸੰਨੀ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਉਸ ਕੋਲੋਂ ਪਿਸਤੌਲ ਬਰਾਮਦ ਹੋਇਆ ਹੈ ਉਹ ਵੀ ਸੰਦੀਪ ਸੰਨੀ ਦਾ ਆਪਣਾ ਲਾਇਸੰਸੀ ਰਿਵਾਲਵਰ ਹੈ। ਹੁਣ ਸੰਦੀਪ ਸਿੰਘ ਸੰਨੀ ਨੂੰ 15 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।