Moga News : ਆਵਾਜਾਈ ਨਿਯਮਾਂ ਦੀ ਉਲੰਘਣਾ ਵਾਲਿਆਂ ’ਤੇ ਮੋਗਾ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
Moga News : ਆਵਾਜਾਈ ਵਿਵਸਥਾ ਸੁਧਾਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਾਕਾ ਤਿਆਰ
Moga News : ਅਗਾਮੀ ਧੁੰਦ ਦੇ ਮੌਸਮ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜ਼ਿਲ੍ਹਾ ਮੋਗਾ ਵਿੱਚ ਟ੍ਰੈਫਿਕ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਜਿਸ ਅਧੀਨ ਜਿੱਥੇ ਆਵਾਜਾਈ ਨਿਯਮਾਂ ਦੀ ਉਲੰਘਣਾ ਵਾਲਿਆਂ ਉੱਤੇ ਸਖ਼ਤੀ ਕੀਤੀ ਜਾਵੇਗੀ ਉਥੇ ਹੀ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਉਪਰਾਲੇ ਕੀਤੇ ਜਾਣਗੇ। ਇਹ ਫੈਸਲਾ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ। ਇਸ ਮੀਟਿੰਗ ਵਿੱਚ ਪੰਜਾਬ ਰਾਜ ਰੋਡ ਸੇਫਟੀ ਕੌਂਸਲ ਦੇ ਸੰਯੁਕਤ ਨਿਰਦੇਸ਼ਕ (ਟ੍ਰੈਫਿਕ) ਸ਼੍ਰੀ ਦੇਸ ਰਾਜ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ ਹਦਾਇਤ ਕੀਤੀ ਕਿ ਜੋ ਵੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਉੱਤੇ ਸਖ਼ਤੀ ਕੀਤੀ ਜਾਵੇ ਅਤੇ ਟ੍ਰੈਫਿਕ ਪ੍ਰਬੰਧਨ ਸੁਚਾਰੂ ਬਨਾਉਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਲਈ ਉਪਰਾਲੇ ਕੀਤੇ ਜਾਣ।
ਟ੍ਰੈਫਿਕ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਿਆਦਾਤਰ ਸੜਕ ਹਾਦਸਿਆਂ ਪਿੱਛੇ ਕਾਰਨ ਸ਼ਰਾਬ ਦਾ ਸੇਵਨ ਕਰਕੇ ਵਾਹਨ ਚਲਾਉਣਾ ਹੈ। ਜਿਸ ਉੱਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਡਰਿੰਕ ਐਂਡ ਡਰਾਈਵ' ਵਾਲਿਆਂ ਦੇ ਸਦਾ ਲਈ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣ। ਉਹਨਾਂ ਸਪੱਸ਼ਟ ਕੀਤਾ ਕਿ ਸੌਖੀ ਆਵਾਜਾਈ ਲਈ ਫੁੱਟਪਾਸ ਤੋੜਨ ਵਾਲਿਆਂ ਖ਼ਿਲਾਫ਼ ਸਰਕਾਰੀ ਜਾਇਦਾਦ ਨੂੰ ਨਸ਼ਟ ਕਰਨ ਦਾ ਪਰਚਾ ਦਰਜ ਕੀਤਾ ਜਾਵੇਗਾ ਅਤੇ ਸੂਚਨਾ ਦੇਣ ਵਾਲਿਆਂ ਲੋਕਾਂ ਨੂੰ ਉਤਸ਼ਾਹੀ ਇਨਾਮ ਦਿੱਤਾ ਜਾਇਆ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਬੱਸਾਂ ਬਿਨਾ ਕਾਗਜ਼ਾਂ ਤੋਂ ਚੱਲਦੀਆਂ ਹਨ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਸੜਕਾਂ ਕਿਨਾਰੇ ਉੱਗੇ ਅਣਚਾਹੇ ਬੂਟਿਆਂ ਦੀ ਤੁਰੰਤ ਸਫਾਈ ਕਰਵਾਈ ਜਾਵੇ। ਬਿਜਲੀ ਦੇ ਖੰਭੇ, ਟ੍ਰੈਫਿਕ ਲਾਈਟਾਂ ਅਤੇ ਦਰੱਖਤਾਂ ਦੀ ਮੁਰੰਮਤ ਕਰਵਾਈ ਜਾਵੇ। ਧੁੰਦ ਦੇ ਸੰਕੇਤਾਂ ਸਬੰਧੀ ਵਾਹਨਾਂ ਦੀ ਹੈੱਡ ਲਾਈਟਾਂ, ਪਾਰਕਿੰਗ ਲਾਈਟਾਂ, ਫੌਗ ਲਾਈਟਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ। ਸੜਕਾਂ ਕਿਨਾਰੇ ਅਣਅਧਿਕਾਰਿਤ ਪਾਰਕਿੰਗ ਨਾ ਹੋਣ ਦਿੱਤੀ ਜਾਵੇ। ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਕਿ ਸੜਕਾਂ ਉੱਤੇ ਘੁੰਮਦੇ ਗਊ ਧੰਨ ਦੇ ਗਲਾਂ ਵਿੱਚ ਰਿਫਲੈਕਟਰ ਪਾਏ ਜਾਣ। ਸਿਹਤ ਵਿਭਾਗ ਨੂੰ ਕਿਹਾ ਗਿਆ ਕਿ ਉਹ ਹਰੇਕ ਮਹੀਨੇ ਵਾਹਨ ਚਾਲਕਾਂ ਦੀ ਨਜ਼ਰ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਸੜਕਾਂ ਉੱਤੇ ਪਏ ਵੱਡੇ ਟੋਇਆਂ ਅਤੇ ਬਲੈਕ ਸਪੋਟਸ ਦੀ ਵੀ ਪਛਾਣ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਹਨਾਂ ਨੂੰ ਤੁਰੰਤ ਦਰੁਸਤ ਕਰਵਾਇਆ ਜਾ ਸਕੇ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਹਨਾਂ ਕੋਲ ਹਿੱਟ ਐਂਡ ਰੰਨ ਮਾਮਲਿਆਂ ਨਾਲ ਸੰਬੰਧ ਕੇਸ ਬਕਾਇਆ ਪਏ ਹਨ ਤਾਂ ਇਹ ਤੁਰੰਤ ਕਲੀਅਰ ਕੀਤੇ ਜਾਣ। ਉਹਨਾਂ ਸਮੂਹ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਨੂੰ ਕਿਹਾ ਕਿ ਉਹ ਜ਼ਿਲ੍ਹਾ ਮੋਗਾ ਵਿੱਚ ਟ੍ਰੈਫਿਕ ਪ੍ਰਬੰਧਨ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਆਪਣੇ ਲਿਖਤੀ ਸੁਝਾਅ ਦੇਣ ਤਾਂ ਜੋ ਉਹਨਾਂ ਉੱਤੇ ਕੰਮ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਸਾਲ 2023 ਵਿੱਚ 198 ਸੜਕ ਹਾਦਸੇ ਹੋਏ ਜਿੰਨਾ ਦੌਰਾਨ 172 ਮੌਤਾਂ ਵੀ ਹੋਈਆਂ। ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਰੋਜ਼ਾਨਾ 14 ਅਤੇ ਦੇਸ਼ ਵਿੱਚ ਰੋਜ਼ਾਨਾ 474 ਵਿਅਕਤੀ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਇਸ ਅੰਕੜੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਗਾਮੀ ਧੁੰਦ ਦੇ ਮੌਸਮ ਦੌਰਾਨ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਜੇਕਰ ਉਹਨਾਂ ਦੇ ਧਿਆਨ ਵਿੱਚ ਸੜਕ ਹਾਦਸਾ ਆਉਂਦਾ ਹੈ ਤਾਂ ਫੱਟੜ ਵਿਅਕਤੀ ਦੀ ਮੌਕੇ ਉੱਤੇ ਮਦਦ ਕਰਨ ਦੇ ਨਾਲ ਨਾਲ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਵੇ। ਮੀਟਿੰਗ ਵਿੱਚ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਸ਼੍ਰੀਮਤੀ ਚਾਰੂਮਿਤਾ ਦੋਵੇਂ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
(For more news apart from Moga administration has issued strict instructions to those who violate traffic rules News in Punjabi, stay tuned to Rozana Spokesman)