ਕੈਪਟਨ ਨੂੰ ਮਿਲਣ ਪਹੁੰਚੇ ਸਿੱਧੂ, ਦਿਤਾ ਅਨੋਖਾ ਤੋਹਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚੇ। ਇਸ ਮੁਲਾਕਾਤ ਦੇ...

Navjot Singh Sidhu

ਚੰਡੀਗੜ੍ਹ (ਸਸਸ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚੇ। ਇਸ ਮੁਲਾਕਾਤ ਦੇ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਨੂੰ ਇਕ ਅਨੋਖਾ ਤੋਹਫ਼ਾ ਦਿਤਾ। ਸਿੱਧੂ ਕਰੀਬ 4:00 ਵਜੇ ਚੰਡੀਗੜ੍ਹ ਵਿਚ ਕੈਪਟਨ ਦੇ ਘਰ ਪਹੁੰਚੇ। ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਕੈਪਟਨ ਨਾਲ ਸਿੱਧੂ ਦੀ ਇਹ ਪਹਿਲੀ ਮੁਲਾਕਾਤ ਸੀ। ਇਸ ਮੌਕੇ ‘ਤੇ ਸਿੱਧੂ ਨੇ ਕੈਪਟਨ ਨੂੰ ਕਾਲੇ ਰੰਗ ਦੇ ਤਿੱਤਰ ਦਾ ਸਟੈਚਿਊ ਤੋਹਫ਼ੇ ਦੇ ਤੌਰ ‘ਤੇ ਦਿਤਾ।

ਇਸ ਨੂੰ ਸਿੱਧੂ ਪਾਕਿਸਤਾਨ ਤੋਂ ਲੈ ਕੇ ਆਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਕੈਪਟਨ’ ਨਾ ਮੰਨਣ ‘ਤੇ ਦਿਤੇ ਗਏ ਬਿਆਨ ਤੋਂ ਬਾਅਦ ਪਹਿਲੀ ਪੰਜਾਬ ਆਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨਾਲ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਲਈ ਸਤਿਕਾਰ ਯੋਗ ਹਨ ਅਤੇ ਉਨ੍ਹਾਂ ਦੇ ਵਿਚ ਕਦੇ ਵੀ ਕੌੜੇ ਬੋਲਾਂ ਦੀ ਵਰਤੋਂ ਨਹੀਂ ਕੀਤੀ ਗਈ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਦਿਤੇ ਗਏ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੰਜ ਸੂਬਿਆਂ ਦੇ ਚੋਣ ਨਤੀਜਿਆਂ ‘ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਭਾਜਪਾ ਦੇ ਤਿੰਨ ਕਿਲ੍ਹਿਆਂ ‘ਚ ਸੰਨ ਲਗਾਈ ਹੈ। ਸਿੱਧੂ ਨੇ ਕਿਹਾ ਕਿ ਦੇਸ਼ ਦੀ ਹਰ ਗਲੀ, ਮੁਹੱਲੇ ‘ਚ ਰਾਹੁਲ ਗਾਂਧੀ ਦਾ ਨਾਂ ਗੂੰਜ ਰਿਹਾ ਹੈ। ਇਕ ਦਿਨ ਰਾਹੁਲ ਗਾਂਧੀ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਂਦੇ ਨਜ਼ਰ ਆਉਣਗੇ। ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਹਾਰ ‘ਤੇ ਬੋਲਦੇ ਹੋਏ ਕਿਹਾ ਕਿ ਮੋਦੀ ਦਾ ਇਹ ਹਾਲ ਉਨ੍ਹਾਂ ਦੇ ਹੰਕਾਰ ਦੇ ਕਾਰਨ ਹੋਇਆ ਹੈ।

ਸਿੱਧੂ ਨੇ ਕਰਤਾਰਪੁਰ ਲਾਂਘੇ ‘ਤੇ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਅਜਿਹਾ ਮਾਮਲਾ ਹੈ ਜਿਸ ਵਿਚ ਹਰ ਸਿੱਖ ਨੂੰ ਉਡੀਕ ਸੀ ਅਤੇ ਅੱਜ ਉਹ ਪੂਰੀ ਹੋ ਰਹੀ ਹੈ। ਨਾਲ ਹੀ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਵੇਗਾ।