ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚੇ ਨੇ ਕੀਤੀ ਭੁੱਖ ਹੜਤਾਲ
ਸੁਣੋ ਬੱਚੇ ਦੇ ਹੀ ਮੂੰਹੋ ਕਿੱਥੋਂ ਆਇਆ ਜਜ਼ਬਾ
ਨਵੀਂ ਦਿੱਲੀ( ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਛੋਟੇ ਬੱਚਿਆ ਦਾ ਸਾਥ ਵੀ ਮਿਲ ਰਿਹਾ ਹੈ।
ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚਾ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਤੇ ਬੈਠਿਆ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਇਸ ਬੱਚੇ ਨਾਲ ਗੱਲਬਾਤ ਕੀਤੀ ਗਈ। ਬੱਚੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਰਾਤ ਨੂੰ ਖਬਰਾਂ ਵੇਖ ਰਹੇ ਸਨ, ਖਬਰਾਂ ਵਿਚ ਦਿੱਲੀ ਮੋਰਚੇ 'ਚ ਬੈਠੇ ਕਿਸਾਨਾਂ ਨੂੰ ਵੇਖਿਆ
ਉਹਨਾਂ ਦਾ ਮਨ ਭਰ ਆਇਆ ਫਿਰ ਉਸਨੇ ਭਰਾ ਨਾਲ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਲਿਆ।
ਬੱਚੇ ਤਰਿੰਦਰਪਾਲ ਨੇ ਦੱਸਿਆ ਕਿ ਉਸਨੇ ਪਹਿਲਾਂ ਮੰਚ ਤੇ ਕਵਿਤਾ ਸੁਣਾਈ ਫਿਰ ਉਸਨੇ ਭੁੱਖ ਹੜਤਾਲ ਤੇ ਬੈਠਣ ਦੀ ਅਨਾਊਂਸਮੈਂਟ ਕੀਤੀ। ਤਰਿੰਦਰਪਾਲ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਯੋਗਦਾਨ ਮਿਲ ਰਿਹਾ ਹੈ ਚਾਹੇ ਉਹ ਕਲਾਕਾਰ ਹੋਣ ਚਾਹੇ ਮਜ਼ਦੂਰ ਹੋਣ ਜਾਂ ਫਿਰ ਖਿਡਾਰੀ ਹੋਣ ਇਸ ਲਈ ਉਹ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ 12 ਘੰਟੇ ਦੀ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਲਿਆ।
ਬੱਚੇ ਨੇ ਕਿਹਾ ਕਿ ਉਹ 12 ਘੰਟੇ ਦੀ ਭੁੱਖ ਹੜਤਾਲ ਨੂੰ ਬਹੁਤ ਅਸਾਨੀ ਨਾਲ ਕੱਟ ਸਕਦਾ ਸੀ ਕਿਉਂਕਿ ਸਿੰਘਾਂ ਲਈ ਕੁੱਝ ਵੀ ਨਹੀਂ ਔਖਾ। ਉਹਨਾਂ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ ਪੂਰੇ ਦੇਸ਼ ਦੀ ਲੜਾਈ ਹੈ ਅਤੇ ਇਸ ਵਿਚ ਆਪਾਂ ਧਰਮ ਨੂੰ ਨਾ ਪਾਈਏ ਤਾਂ ਚੰਗੀ ਗੱਲ ਹੋਵੇਗੀ।
ਤਰਿੰਦਰਪਾਲ ਦੇ ਵੱਡੇ ਭਰਾ ਪ੍ਰੀਤਪਾਲ ਨੇ ਦੱਸਿਆ ਕਿ 31 ਜਥੇਬੰਦੀਆਂ ਨੇ ਕਿਹਾ ਕਿ ਬੱਚਿਆਂ ਨੂੰ ਭੁੱਖ ਹੜਤਾਲ ਤੇ ਬੈਠਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਵੱਡੇ ਬੈਠੇ ਹਾਂ। ਜੇ ਸ਼ਹੀਦੀ ਦੇਣ ਦੀ ਲੋੜ ਪਈ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ।
ਇਸ ਲਈ ਉਹਨਾਂ ਨੇ ਤਰਿੰਦਰਪਾਲ ਨੂੰ ਸੇਬ ਖਵਾ ਕੇ ਉਸਦੀ ਭੁੱਖ ਹੜਤਾਲ ਤੁੜਵਾ ਦਿੱਤੀ। ਤਰਿੰਦਰਪਾਲ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਪਿੱਛੇ ਅੰਬਾਨੀ-ਅਡਾਨੀਆਂ ਦਾ ਹੱਥ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿਸਾਨ ਹੁਣ ਅਨਪੜ ਨਹੀਂ ਰਹੇ। ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲਏ ਬਗੈਰ ਨਹੀਂ ਜਾਵਾਂਗੇ।