ਹੰਕਾਰੀ ਮੋਦੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ: ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਹੰਕਾਰੀ ਮੋਦੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ: ਸੁਨੀਲ ਜਾਖੜ

image

14 ਦਸੰਬਰ ਨੂੰ ਸ਼ੰਭੂ ਬਾਰਡਰ 'ਤੇ ਲਗਾਏਗੀ ਕਾਂਗਰਸ ਧਰਨਾ

ਪਟਿਆਲਾ, 11 ਦਸੰਬਰ (ਤੇਜਿੰਦਰ ਫ਼ਤਿਹਪੁਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਹੰਕਾਰ ਵਿੱਚ ਫਸਿਆ ਮੋਦੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣ ਲੱਗਿਆ ਹੋਇਆ ਹੈ ਪਰ ਉਹ ਇਸ ਸਬਰ ਦਾ ਇਮਤਿਹਾਨ ਨਾ ਲਵੇ ਤੇ ਤੁਰੰਤ ਕਿਸਾਨਾਂ ਖਿਲਾਫ ਬਣਾਏ ਕਾਲੇ ਕਾਨੂੰਨ ਰੱਦ ਕਰੇ। ਸੁਨੀਲ ਜਾਖੜ ਅੱਜ ਇੱਥੇ ਹਲਕਾ ਘਨੌਰ ਦੇ ਮੁੱਖ ਸਟੇਸ਼ਨ ਸ਼ੰਭੂ ਵਿਖੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹੋਰ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਸੁਨੀਲ ਜਾਖੜ ਨੇ ਆਖਿਆ ਕਿ 14 ਦਸੰਬਰ ਨੂੰ ਸ਼ੰਭੂ ਬਾਰਡਰ 'ਤੇ ਕਾਂਗਰਸ ਪਾਰਟੀ ਧਰਨਾ ਲਗਾਏਗੀ ਅਤੇ ਮੋਦੀ ਦਾ ਜਨਾਜ਼ਾ ਕੱਢੇਗੀ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਪੰਜਾਬ ਦੇ ਸਮੁੱਚੇ ਕਾਂਗਰਸੀ ਆਪਣੇ ਸਾਰੇ ਜਿਲਿਆਂ ਵਿੱਚ ਕਿਸਾਨਾਂ ਦੇ ਨਾਲ ਧਰਨਾ ਲਗਾਉਣਗੇ। ਉਨ੍ਹਾਂ ਆਖਿਆ ਕਿ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਦੀ ਪਾਰਟੀ ਹੈ। ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ।
 ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਸ਼ੰਭੂ ਉਨ੍ਹਾਂ ਦੇ ਹਲਕੇ ਘਨੌਰ ਵਿੱਚ ਪੈਂਦਾ ਹੈ। ਇਸ ਲਈ ਇਸ ਧਰਨੇ ਦੀ ਪੂਰੀ ਤਿਆਰੀ ਉਹ ਜ਼ੋਰਦਾਰ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਧਰਨੇ ਵਿੱਚ ਹਜ਼ਾਰਾਂ ਕਾਂਗਰਸੀ  ਭਾਗ ਲੈਣਗੇ। ਜਿਸਦੀ ਗੂੰਜ ਮੋਦੀ ਨੂੰ ਦਿੱਲੀ ਦਿਖਾਈ ਦੇਵੇਗੀ। ਜਲਾਲਪੁਰ ਨੇ ਆਖਿਆ ਕਿ ਕਿਸਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੋਦੀ ਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦਾ ਕਿਸਾਨ ਤੇ ਸਮੁੱਚੀ ਕਾਂਗਰਸ ਮੋਦੀ ਦੇ ਨੱਕ ਵਿੱਚ ਦਮ ਕਰ ਦੇਵੇਗੀ।
ਜਲਾਲਪੁਰ ਨੇ ਆਖਿਆ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ।
ਫੋਟੋ ਨੰ: 11 ਪੀਏਟੀ 22