ਪੰਜਾਬ ਵਿਚ ਰਾਤ ਦਾ ਕਰਫ਼ਿਊ ਵੀ ਜਨਵਰੀ ਤਕ ਵਧਾਇਆ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਰਾਤ ਦਾ ਕਰਫ਼ਿਊ ਵੀ ਜਨਵਰੀ ਤਕ ਵਧਾਇਆ

image

ਕੋਰੋਨਾ ਕਾਰਨ ਪਹਿਲੀ ਜਨਵਰੀ ਤਕ ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤਕ ਹੋਵੇ

ਚੰਡੀਗੜ੍ਹ, 11 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਵਿਆਹਾਂ ਅਤੇ ਪਾਰਟੀਆਂ ਦੌਰਾਨ ਕੋਵਿਡ ਦੀਆਂ ਰੋਕਾਂ ਦੀ ਵੱਡੀ ਪੱਧਰ 'ਤੇ ਉਲੰਘਣਾ ਦੀਆਂ ਸ਼ਿਕਾਇਤਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਇਕ ਜਨਵਰੀ, 2021 ਤਕ ਇਨਡੋਰ ਅਤੇ ਆਊਟਡੋਰ ਇਕੱਠਾਂ ਦੀ ਗਿਣਤੀ ਕ੍ਰਮਵਾਰ 100 ਅਤੇ 250 ਤਕ ਰੱਖਣ ਦੇ ਹੁਕਮ ਦਿਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਰਾਤ ਦਾ ਕਰਫ਼ਿਊ ਇਕ ਜਨਵਰੀ, 2021 ਤਕ ਵਧਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਮੈਰਿਜ਼ ਪੈਲੇਸਾਂ ਅਤੇ ਹੋਰ ਥਾਂਵਾਂ 'ਤੇ ਬੰਦਿਸ਼ਾਂ ਸਖ਼ਤੀ ਨੂੰ ਲਾਗੂ ਕਰਨ ਦੇ ਹੁਕਮ ਦਿਤੇ ਹਨ ਅਤੇ ਉਲੰਘਣਾ ਦੀ


ਸੂਰਤ ਵਿਚ ਮੇਜ਼ਬਾਨ 'ਤੇ ਜੁਰਮਾਨਾ ਲਾਉਣ ਲਈ ਆਖਿਆ। ਸੂਬੇ ਵਿਚ ਵੱਧ ਮ੍ਰਿਤਕ ਦਰ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਰਫ਼ਿਊ ਦੀਆਂ ਬੰਦਿਸ਼ਾਂ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ) ਇਕ ਜਨਵਰੀ ਤਕ ਵਧਾਉਣ ਦੇ ਹੁਕਮ ਦਿਤੇ ਹਨ। ਇਸ ਤੋਂ ਪਹਿਲਾਂ ਰਾਤ ਦਾ ਕਰਫ਼ਿਊ ਇਕ ਦਸੰਬਰ ਤੋਂ 15 ਦਸੰਬਰ ਤਕ ਲਾਇਆ ਗਿਆ ਸੀ। ਕੋਵਿਡ ਦੇ ਜਾਇਜ਼ੇ ਲਈ ਉਚ ਪਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਹਿ-ਰੋਗਾਂ ਤੋਂ ਪੀੜਤ 70 ਸਾਲ ਤੋਂ ਵੱਧ ਉਮਰ ਦੇ ਪਾਜ਼ੇਟਿਵ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਖ਼ਤਮ ਕਰਨ ਦੇ ਹੁਕਮ ਦਿਤੇ, ਬਸ਼ਰਤੇ ਕਿ ਘਰ ਵਿਚ ਢੁਕਵੀਆਂ ਮੈਡੀਕਲ ਸਹੂਲਤਾਂ ਮੁਹਈਆ ਹੋ ਸਕਦੀਆਂ ਹੋਣ। ਵਰਚੂਅਲ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਦਸਿਆ ਕਿ ਵੱਡੀ ਗਿਣਤੀ ਵਿਚ ਕੋਵਿਡ ਮੌਤਾਂ ਘਰੇਲੂ ਏਕਾਂਤਵਾਸ ਕੇਸਾਂ ਵਿਚੋਂ ਸਾਹਮਣੇ ਆਈਆਂ ਹਨ।
  ਹੋਰ ਮੌਤਾਂ ਨੂੰ ਰੋਕਣ ਲਈ ਮੁੱਖ ਮੰਤਰੀ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਵਿਸਥਾਰਤ ਜਾਂਚ ਦੇ ਹੁਕਮ ਦਿਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਲੈਵਲ-3 ਦੇ ਢੁਕਵੇਂ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਵਾਲੇ ਹਸਪਤਾਲਾਂ ਨੂੰ ਹੀ ਕੋਵਿਡ ਮਰੀਜ਼ ਦਾਖ਼ਲ ਕਰਨ ਦੀ ਇਜਾਜ਼ਤ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਦੀ ਘਾਟ ਵਾਲੇ ਹਸਪਤਾਲਾਂ ਨੂੰ ਮਰੀਜ਼ ਹੋਰ ਹਸਪਤਾਲਾਂ ਵਿੱਚ ਰੈਫ਼ਰ ਕਰ ਦੇਣਾ ਚਾਹੀਦਾ ਹੈ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਵਿਚ ਘਟ ਰਹੀ ਪਾਜ਼ੇਟਿਵ ਦਰ ਸਵਾਗਤਯੋਗ ਹੈ ਪਰ ਮੌਤ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਸਮੇਤ ਕੋਵਿਡ ਦੇ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਹੁਕਮ ਦਿਤੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਰ.ਟੀ.ਪੀ.ਸੀ.ਆਰ. ਸੈਂਪਲਿੰਗ/ਟੈਸਟਿੰਗ ਦਰ ਪ੍ਰਤੀ ਦਿਨ 30,000 ਦੀ ਸੀਮਾ ਬਰਕਰਾਰ ਰੱਖਣ ਲਈ ਆਖਿਆ ਅਤੇ ਸੰਭਾਵਿਤ ਤੌਰ 'ਤੇ ਕਰੋਨਾ ਫ਼ੈਲਾਉਣ ਵਾਲਿਆਂ ਨੂੰ ਸ਼ਾਮਲ ਕਰਨ ਲਈ ਟੀਚਾਗਤ ਸੈਂਪਲਿੰਗ 'ਤੇ ਹੋਰ ਜ਼ੋਰ ਦਿਤਾ ਜਾਵੇ।