ਸਫ਼ਲ ਅੰਦੋਲਨ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਕਿਸਾਨ ਅਪਣੇ ਘਰਾਂ ਨੂੰ ਰਵਾਨਾ ਹੋਣ ਵੇਲੇ ਉਤਸ਼ਾਹਤ ਅਤੇ
ਸਫ਼ਲ ਅੰਦੋਲਨ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਕਿਸਾਨ ਅਪਣੇ ਘਰਾਂ ਨੂੰ ਰਵਾਨਾ ਹੋਣ ਵੇਲੇ ਉਤਸ਼ਾਹਤ ਅਤੇ ਭਾਵੁਕ ਹੋਏ
ਚੰਡੀਗੜ੍ਹ, 11 ਦਸੰਬਰ (ਨਰਿੰਦਰ ਸਿੰਘ ਝਾਮਪੁਰ): ਅਕਾਲ ਪੁਰਖ ਦੀ ਮਿਹਰ ਤੇ ਕਿਰਪਾ ਸਦਕਾ 26 ਨਵੰਬਰ 2020 ਤੋਂ 26 ਨਵੰਬਰ 2021 ਤਕ ਸਬਰ, ਸੰਤੋਖ, ਹੋਸ਼ ਜੋਸ਼, ਸੰਜਮ, ਦ੍ਰਿੜਤਾ ਬਿਨਾਂ ਕਿਸੇ ਭੇਦਭਾਵ ਤੋਂ ਅਮੀਰ ਗ਼ਰੀਬ ਕਿਸਾਨ, ਮਜ਼ਦੂਰ, ਬਜ਼ੁਰਗ, ਨੌਜਵਾਨ, ਬੱਚੇ, ਮਾਤਾਵਾਂ, ਭੈਣਾਂ, ਬੱਚੀਆਂ ਅਤੇ ਸਾਰੀਆਂ ਸਤਿਕਾਰਯੋਗ ਧਾਰਮਕ ਸ਼ਖ਼ਸੀਅਤਾਂ ਤੇ ਸੰਯੁਕਤ ਕਿਸਾਨ ਮੋਰਚਾ, ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ, ਸਾਰੀਆਂ ਸੰਸਥਾਵਾਂ, ਸਾਰੇ ਕਲਾਕਾਰਾਂ, ਗਾਇਕ, ਗਾਇਕਾਵਾਂ, ਸਾਰੇ ਹੀ ਭੈਣਾਂ ਭਰਾਵਾਂ, ਦੇਸ਼ ਦੇ ਸਾਰੇ ਵਰਗਾਂ ਸਾਰੇ ਧਰਮਾਂ ਦੇ ਲੋਕ ਜਿਨ੍ਹਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਦੁਨੀਆਂ ਦੇ ਸੱਭ ਤੋਂ ਲੰਮੇ ਅੰਦੋਲਨ ਵਿਚ ਸ਼ਮੂਲੀਅਤ ਕਰਦੇ ਹੋਏ ਸ਼ਹਾਦਤਾਂ ਵੀ ਦਿਤੀਆਂ, ਸੱਟਾਂ ਵੀ ਖਾਧੀਆਂ, ਬੀਮਾਰੀਆਂ ਨਾਲ ਵੀ ਲੜੇ, ਸਰਕਾਰਾਂ ਦੇ ਜ਼ੁਲਮ ਵੀ ਸਹਿਆ ਪਰ ਸੀ ਨਹੀਂ ਕੀਤੀ। ਮਿੱਥੇ ਨਿਸ਼ਾਨੇ ਵਲ ਧਿਆਨ ਰਖਿਆ, ਅਪਣਾ ਸੱਭ ਕੱੁਝ ਦਾਅ ’ਤੇ ਲਾ ਕੇ ਜੂਝਦੇ ਰਹੇ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ ਜਿੱਤ ਪ੍ਰਾਪਤ ਕੀਤੀ।
ਦਿੱਲੀ ਦੀ ਬਰੂਹਾਂ ’ਤੇ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਵਿਚ ਜਿੱਤ ਪ੍ਰਾਪਤ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਅਨੁਸਾਰ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਵਿਚ ਸਵਾਰ ਹੋ ਕੇ ਘਰੋਂ ਘਰੀਂ ਪਰਤਣਾ ਸ਼ੁਰੂ ਕਰ ਦਿਤਾ ਹੈ। ਇਸ ਖੇਤਰ ਵਿਚੋਂ ਗੁਜਰਦੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਤੜਕੇ ਤੋਂ ਕਿਸਾਨ ਕਾਫ਼ਲਿਆਂ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਘਰਾਂ ਤੋਂ ਦੂਰ ਡੇਰਾ ਲਾ ਕੇ ਬੈਠੇ ਇਹ ਕਿਸਾਨ ਜਿੱਤ ਦੀ ਖ਼ੁਸ਼ੀ ਅਤੇ ਸਫ਼ਲ ਪ੍ਰਦਰਸ਼ਨ ਦੀਆਂ ਯਾਦਾਂ ਲੈ ਕੇ ਪਰਤ ਰਹੇ ਹਨ। ਕਿਸਾਨਾਂ ਨੇ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਲਈ ਕਮੇਟੀ ਸਮੇਤ ਅਪਣੀਆਂ ਮੰਗਾਂ ਦੀ ਪੂਰਤੀ ’ਤੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ਅਤੇ ਹਾਈਵੇਅ ’ਤੇ ਜਾਮ ਲਗਾ ਕੇ ‘ਜਿੱਤ ਮਾਰਚ’ ਕਢਿਆ ਗਿਆ।
ਸਫ਼ਲ ਅੰਦੋਲਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨ ਅਪਣੇ ਘਰਾਂ ਨੂੰ ਰਵਾਨਾ ਹੋਣ ਵੇਲੇ ਉਤਸ਼ਾਹਤ ਤੇ ਭਾਵੁਕ ਹਨ। ਹਰਿਆਣਾ ਦੇ ਕਿਸਾਨਾਂ ਵਲੋਂ ਕਾਫ਼ਲਿਆਂ ਦਾ ਸਨਮਾਨ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਗਿਆ ਤੇ ਪੰਜਾਬ ਵਾਸੀ ਕਿਸਾਨਾਂ ਦਾ ਧਨਵਾਦ ਕੀਤਾ ਗਿਆ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਦਿਖਾ ਦਿਤਾ ਹੈ ਕਿ ਉਨ੍ਹਾਂ ਦੀਆਂ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਵਾਲੇ ਅਜੇ ਵੀ ਦੇਸ਼ ਵਿਚ ਹਨ। ਕਾਰਪੋਰੇਟ ਅਪਣੀਆਂ ਨੀਤੀਆਂ ਨੂੰ ਧੱਕੇ ਨਾਲ ਸਰਕਾਰਾਂ ਲਾਗੂ ਨਹੀਂ ਕਰਵਾ ਸਕਦੀਆਂ। ਹਰਿਆਣਾ ਦੇ ਸਿੱਖ ਭਾਈਚਾਰੇ ਨੇ ਕਿਸਾਨ ਕਾਫ਼ਲਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪੰਜਾਬ ਤੋਂ ਰਤਵਾੜਾ ਸਾਹਿਬ ਟਰੱਸਟ ਵਲੋਂ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਸੰਗਤ ਦਾ ਧਨਵਾਦ ਕੀਤਾ।