ਅਫ਼ਗ਼ਾਨਿਸਤਾਨ ’ਚ ਅਲਕਾਇਦਾ ਦੀ ਗਿਣਤੀ ਵਧੀ : ਅਮਰੀਕੀ ਕਮਾਂਡਰ
ਅਫ਼ਗ਼ਾਨਿਸਤਾਨ ’ਚ ਅਲਕਾਇਦਾ ਦੀ ਗਿਣਤੀ ਵਧੀ : ਅਮਰੀਕੀ ਕਮਾਂਡਰ
ਵਾਸ਼ਿੰਗਟਨ, 11 ਦਸੰਬਰ : ਅਮਰੀਕੀ ਫ਼ੌਜ ਵਲੋਂ ਅਗਸਤ ਦੇ ਅਖੀਰ ਵਿਚ ਅਫ਼ਗ਼ਾਨਿਸਤਾਨ ਤੋਂ ਜਾਣ ਤੋਂ ਬਾਅਦ ਉੱਥੇ ਅਤਿਵਾਦੀ ਸਮੂਹ ਅਲਕਾਇਦਾ ਦੇ ਅੱਤਵਾਦੀਆਂ ਦੀ ਥੋੜੀ ਗਿਣਤੀ ਵਧੀ ਹੈ। ਦੇਸ਼ ਦੇ ਨਵੇਂ ਤਾਲਿਬਾਨੀ ਨੇਤਾ ਇਸ ਗੱਲ ਨੂੰ ਲੈ ਕੇ ਵੰਡੇ ਹੋਏ ਹਨ ਕਿ ਸਮੂਹ ਦੇ ਨਾਲੋਂ ਰਿਸ਼ਤਾ ਤੋੜਨ ਸਬੰਧੀ 2020 ਵਿਚ ਕੀਤੇ ਗਏ ਸੰਕਲਪ ਨੂੰ ਪੂਰਾ ਕੀਤਾ ਜਾਵੇ ਜਾਂ ਨਾ। ਅਮਰੀਕਾ ਦੇ ਇਕ ਚੋਟੀ ਦੇ ਕਮਾਂਡਰ ਨੇ ਵੀਰਵਾਰ ਨੂੰ ਇਹ ਗੱਲ ਕਹੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਜਨਰਲ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਅਤੇ ਖੁਫੀਆ ਏਜੰਸੀਆਂ ਦੀ ਵਾਪਸੀ ਨੇ ਅਫਗਾਨਿਸਤਾਨ ਦੇ ਅੰਦਰ ਅਲਕਾਇਦਾ ਅਤੇ ਹੋਰ ਕੱਟੜਪੰਥੀ ਸਮੂਹਾਂ ’ਤੇ ਨਜ਼ਰ ਰੱਖਣਾ ਬਹੁਤ ਮੁਸਕਲ ਬਣਾ ਦਿਤਾ ਹੈ।
ਮੈਕੇਂਜੀ ਨੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੂੰ ਦਸਿਆ ਕਿ ਇਹ ਸਪੱਸ਼ਟ ਹੈ ਕਿ ਅਲਕਾਇਦਾ ਅਫਗਾਨਿਸਤਾਨ ਦੇ ਅੰਦਰ ਆਪਣੀ ਮੌਜੂਦਗੀ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੋਂ ਉਸ ਨੇ ਅਮਰੀਕਾ ਦੇ ਖਿਲਾਫ 11 ਸਤੰਬਰ 2001 ਦੇ ਹਮਲਿਆਂ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੁਝ ਅਤਿਵਾਦੀ ਅਫਗਾਨਿਸਤਾਨ ਦੀ ਸਰਹੱਦ ਤੋਂ ਦੇਸ ’ਚ ਆ ਰਹੇ ਹਨ, ਪਰ ਅਮਰੀਕਾ ਲਈ ਉਨ੍ਹਾਂ ਦੀ ਗਿਣਤੀ ’ਤੇ ਨਜ਼ਰ ਰੱਖਣਾ ਮੁਸਕਲ ਹੈ। ਅਮਰੀਕਾ ਵਿਚ 11 ਸਤੰਬਰ ਦੇ ਅਤਿਵਾਦੀ ਹਮਲਿਆਂ ਤੋਂ ਬਾਅਦ, ਅਮਰੀਕਾ ਨੇ ਲਗਭਗ 20 ਸਾਲਾਂ ਤੱਕ ਅਫਗਾਨਿਸਤਾਨ ਵਿਚ ਅਤਿਵਾਦੀਆਂ ’ਤੇ ਸ਼ਿਕੰਜਾ ਕੱਸਿਆ ਅਤੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਸਫਲ ਰਿਹਾ, ਪਰ ਆਖਰਕਾਰ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਅਪ੍ਰੈਲ ਵਿਚ ਰਾਸ਼ਟਰਪਤੀ ਜੋਅ ਬਾਇਡੇਨ ਨੇ ਘੋਸ਼ਣਾ ਕੀਤੀ ਸੀ ਕਿ ਉਹ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਫੌਜ ਵਾਪਸ ਲੈ ਰਹੇ ਹਨ।
(ਏਜੰਸੀ)