ਹੈਲੀਕਾਪਟਰ ਕ੍ਰੈਸ਼: ਸ਼ਹੀਦ ਗੁਰਸੇਵਕ ਸਿੰਘ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਛੋਟੇ ਪੁੱਤਰ ਤੇ ਬਜ਼ੁਰਗ ਪਿਤਾ ਨੇ ਹੱਸ ਕੇ ਦਿੱਤੀ ਵਿਦਾਈ
ਤਰਨਤਾਰਨ - ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਗੁਰਸੇਵਕ ਸਿੰਘ ਦੀ ਦੇਹ ਅੱਜ ਉਸ ਦੇ ਪਿੰਡ ਪਹੁੰਚ ਚੁੱਕੀ ਹੈ ਤੇ ਉਸ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ ਹੈ। ਗੁਰਸੇਵਕ ਸਿੰਘ ਦੇ ਛੋਟੇ ਜਿਹੇ ਬੇਟੇ ਨੇ ਵੀ ਫੌਜ ਦੀ ਵਰਦੀ ਵਿਚ ਸਜ ਕੇ ਅਪਣੇ ਸ਼ਹੀਦ ਪਿਤਾ ਗੁਰਸੇਵਕ ਸਿੰਘ ਨੂੰ ਸਲਾਮੀ ਦਿੱਤੀ ਜਿਸ ਕਰ ਕੇ ਮਾਂ ਦਾ ਦਿਲ ਦਹਿਲ ਗਿਆ। ਇਹ ਵਰਦੀ ਸ਼ਹੀਦ ਗੁਰਸੇਵਕ ਸਿੰਘ ਨੇ ਡੇਢ ਮਹੀਨਾ ਪਹਿਲਾਂ ਅਪਣੇ ਬੇਟੇ ਗੁਰਫਤਿਹ ਨੂੰ ਲਿਆ ਕੇ ਦਿੱਤੀ ਸੀ ਜਦੋਂ ਉਹ ਛੁੱਟੀ ’ਤੇ ਆਏ ਸਨ। ਇਹ ਆਖਰੀ ਵਾਰ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਦੇਖਿਆ ਸੀ। ਉਸ ਤੋਂ ਬਾਅਦ ਹੁਣ ਪਿਤਾ ਗੁਰਫਤਿਹ ਦੇ ਪਿਤਾ ਦੀ ਦੇਹ ਤਿਰੰਗੇ ਵਿਚ ਲਪੇਟ ਕੇ ਲਿਆਂਦੀ ਗਈ।
ਗੁਰਫਤਿਹ ਸਵੇਰ ਤੋਂ ਹੀ ਪਿਤਾ ਵੱਲੋਂ ਲਿਆਂਦੀ ਗਈ ਵਰਦੀ ਪਾ ਕੇ ਘੁੰਮ ਰਿਹਾ ਸੀ ਅਤੇ ਜਿਉਂ ਹੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਪੁੱਤਰ ਨੇ ਪਿਤਾ ਨੂੰ ਸਲਾਮੀ ਦਿੱਤੀ। ਇਸ ਦੌਰਾਨ ਗੁਰਫਤਿਹ ਆਪਣੀ ਮਾਤਾ ਜਸਪ੍ਰੀਤ ਕੌਰ ਦੀ ਗੋਦ ਵਿਚ ਸੀ। ਜਸਪ੍ਰੀਤ ਕੌਰ ਨੇ ਵੀ ਸਲਾਮੀ ਦੇ ਕੇ ਸ਼ਹੀਦ ਪਤੀ ਨੂੰ ਸ਼ਰਧਾਂਜਲੀ ਦਿੱਤੀ। ਜਸਪ੍ਰੀਤ ਕੌਰ ਆਖਰੀ ਵਾਰ ਆਪਣੇ ਪਤੀ ਦਾ ਚਿਹਰਾ ਦੇਖਣਾ ਚਾਹੁੰਦੀ ਸੀ। ਉਸ ਨੇ ਫੌਜੀ ਅਫਸਰਾਂ ਦੀ ਮਿੰਨਤ ਕੀਤੀ, ਪਰ ਉਨ੍ਹਾਂ ਕਿਹਾ ਕਿ ਉਹ ਦਿਖਾ ਨਹੀਂ ਸਕਦੇ, ਹਾਲਤ ਦੇਖਣ ਵਾਲੀ ਨਹੀਂ ਹੈ।
ਤਾਮਿਲਨਾਡੂ ਦੇ ਕੂਨੂਰ 'ਚ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦ ਗੁਰਸੇਵਕ ਸਿੰਘ ਦੀ ਦੇਹ ਐਤਵਾਰ ਨੂੰ ਘਰ ਪਹੁੰਚੀ। ਲਾਸ਼ ਜਿਉਂ ਹੀ ਪਿੰਡ ਪਹੁੰਚੀ ਤਾਂ ਪਿੰਡ ਵਾਸੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਹੋਏ ਘਰਾਂ ਤੋਂ ਬਾਹਰ ਆ ਗਏ। ਘਰ ਵਿਚ ਵੀ ਰੌਲਾ ਪੈ ਗਿਆ। ਪਿਤਾ ਅਤੇ ਭੈਣ-ਭਰਾ ਤਾਬੂਤ ਨਾਲ ਚਿਪਕ ਗਏ ਅਤੇ ਰੋਣ ਲੱਗ ਗਏ। ਇਸ ਦੇ ਨਾਲ ਹੀ ਸ਼ਹੀਦ ਦੇ ਪਰਿਵਾਰ ਦੀ ਹਾਲਤ ਦੇਖ ਕੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਉਹ ਸ਼ਹੀਦ ਗੁਰਸੇਵਕ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਂਦੇ ਰਹੇ।
ਸ਼ਹੀਦ ਗੁਰਸੇਵਕ ਸਿੰਘ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਪੁੱਤਰ ਗੁਰਫਤਿਹ ਨੇ ਸ਼ਹੀਦ ਪਿਤਾ ਨੂੰ ਅਗਨੀ ਭੇਟ ਕੀਤੀ।ਇਸ ਦੌਰਾਨ ਪਿੰਡ ਵਾਸੀ ਅਤੇ ਪਰਿਵਾਰ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਰਹੇ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ 'ਤੇ ਪੁੱਤਰ ਦੀ ਸ਼ਹਾਦਤ ਦਾ ਮਾਣ ਸਾਫ਼ ਝਲਕ ਰਿਹਾ ਸੀ। ਬਿਰਧ ਪਿਤਾ ਕਾਬਲ ਸਿੰਘ ਆਪਣੀ ਨੂੰਹ, ਪੁੱਤਾਂ-ਧੀਆਂ ਨੂੰ ਦਿਲਾਸਾ ਦਿੰਦੇ ਨਜ਼ਰ ਆਏ। ਉਨ੍ਹਾਂ ਸ਼ਹੀਦ ਪੁੱਤਰ ਨੂੰ ਹੱਥ ਜੋੜ ਕੇ ਸ਼ਰਧਾਂਜਲੀ ਭੇਟ ਕੀਤੀ।