ਪੰਜਾਬ ਦੇ ਹਿੱਤ ਮੇਰੇ ਲਈ ਸਭ ਤੋਂ ਉੱਪਰ, ਉਨ੍ਹਾਂ ਲਈ ਮੈਂ ਡਟਿਆ ਰਹਾਂਗਾ- ਨਵਜੋਤ ਸਿੱਧੂ
ਦੋ ਸਾਬਕਾ ਮੁੱਖ ਮੰਤਰੀਆਂ ਸਣੇ ਕਈ ਸਿਆਸਤਦਾਨਾਂ ਨੇ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਹੜੱਪੀ!
ਚੰਡੀਗੜ੍ਹ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਦੇ ਕਾਨੂੰਨ ਭਵਨ 'ਚ 'ਬੋਲਦਾ ਪੰਜਾਬ' ਪ੍ਰੋਗਰਾਮ 'ਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿਹਾ ਕਿ ਮੋਹਾਲੀ 'ਚ ਡੇਢ ਲੱਖ ਕਰੋੜ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ। ਜਿਸ ਵਿਚ ਜ਼ਮੀਨੀ ਰਿਕਾਰਡ ਵਿਚ ਕਬਜ਼ਾ ਕੀਤਾ ਗਿਆ ਹੈ। ਸਿੱਧੂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿਚੋਂ 900 ਏਕੜ ਜ਼ਮੀਨ 'ਤੇ ਸਿਰਫ਼ ਦੋ ਮੁੱਖ ਮੰਤਰੀਆਂ ਦਾ ਕਬਜ਼ਾ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਇਹ ਨਾਂ ਜਨਤਕ ਨਹੀਂ ਕੀਤਾ ਕਿ ਉਹ ਕਿਹੜੇ ਦੋ ਮੁੱਖ ਮੰਤਰੀਆਂ ਬਾਰੇ ਗੱਲ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਰਿਪੋਰਟ ਪੜ੍ਹੋ ਤਾਂ ਇਸ ਵਿਚ ਕਈ ਆਗੂਆਂ ਦੇ ਨਾਂ ਹਨ ਤੇ ਇਨ੍ਹਾਂ ਨੂੰ ਪੜ੍ਹ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਸਿੱਧੂ ਨੇ ਕਿਹਾ ਕਿ ਸਿਆਸਤ ਵਿਚ ਚੰਗੇ ਇਨਸਾਨ ਨੂੰ ਸ਼ੋਅ ਪੀਸ ਬਣਾ ਦਿੱਤਾ ਜਾਂਦਾ ਹੈ। ਉਸ ਨੂੰ ਚੋਣ ਜਿੱਤਣ ਲਈ ਮੋਹਰੇ ਵਜੋਂ ਵਰਤਿਆ ਜਾਂਦਾ ਹੈ। ਪ੍ਰਚਾਰ ਕਰਵਾ ਕੇ ਉਸ ਨੂੰ ਸ਼ੋਪੀਸ ਬਣਾ ਕੇ ਰੱਖਦੇ ਹਨ। ਹੁਣ ਮੈਂ ਕਿਸੇ ਦਾ ਸ਼ੋਪੀਸ ਅਤੇ ਮੋਹਰਾ ਨਹੀਂ ਬਣਾਂਗਾ। ਸਿੱਧੂ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਕੱਲ੍ਹ ਹੀ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਪ੍ਰਸ਼ਾਸਨਿਕ ਤਾਕਤ ਨਹੀਂ ਹੈ। ਉਨ੍ਹਾਂ ਦੀ ਜਥੇਬੰਦੀ ਹੈ ਪਰ ਉਸ ਵਿਚ ਵੀ ਕਿਸੇ ਨੂੰ ਜਨਰਲ ਸਕੱਤਰ ਤੇ ਹੋਰ ਅਹੁਦਿਆਂ ’ਤੇ ਨਿਯੁਕਤ ਨਹੀਂ ਹੋਣ ਦਿੱਤਾ ਜਾ ਰਿਹਾ।
ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦਾ ਸਾਥ ਨਹੀਂ ਛੱਡਣਗੇ। ਸਿੱਧੂ ਨੇ ਜੋ ਵਾਅਦਾ ਕੀਤਾ ਹੈ ਉਹ ਉਸ 'ਤੇ ਡਟੇ ਰਹਿਣਗੇ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ ਉਹ ਤਨਦੇਹੀ ਨਾਲ ਨਿਭਾਉਣਗੇ ਪਰ ਜੇਕਰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤਾਂ ਵੀ ਉਹ ਆਪਣਾ ਪੱਖ ਨਹੀਂ ਛੱਡਣਗੇ। ਉਂਝ ਵੀ ਉਹ ਉਹਨਾਂ ਨਾਲ ਤਾਂ ਹੀ ਹੋਣਗੇ ਜੇਕਰ ਪੰਜਾਬ ਦੇ ਹਿੱਤ ਦਾ ਮੁੱਦਾ ਹੋਵੇਗਾ। ਸਿੱਧੂ ਨੇ ਕਿਹਾ, "ਝੂਠ ਬੋਲ ਕੇ ਸੱਤਾ ਹਾਸਲ ਕਰਨੀ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਹਾਂ। ਮੈਂ ਸਿਰਫ ਜ਼ਮੀਨੀ ਹਕੀਕਤ ਦਾ ਪੱਖ ਲਵਾਂਗਾ। ਮੈਂ ਝੂਠੇ ਵਾਅਦਿਆਂ ਦੇ ਹੱਕ ਵਿਚ ਨਹੀਂ ਹਾਂ। ਪੰਜਾਬ ਕਰਜ਼ੇ ਵਿਚ ਡੁੱਬਿਆ ਹੋਇਆ ਹੈ, ਲੋਕ ਇਸ ਤੋਂ ਅਣਜਾਣ ਹਨ। ਦੋ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਸਿਆਸਤਦਾਨਾਂ ਨੇ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਹੜੱਪ ਲਈ ਹੈ।"
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕੇਬਲ ਮਾਫੀਆ ਨੂੰ ਲੈ ਕੇ ਕਿਹਾ ਕਿ ਕੇਬਲ ਟੀਵੀ ਦੀਆਂ ਕੀਮਤਾਂ ਅਤੇ ਕਥਿਤ ਟੈਕਸ ਚੋਰੀ ਨੂੰ ਲੈ ਕੇ ਬਾਦਲ ਪਰਿਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਮੇਵਾਰ ਹਨ। ਉਨ੍ਹਾਂ ਕਿਹਾ ਕਿ, "ਮੈਂ ਖੁਦ ਸ਼ਰਾਬ ਨਹੀਂ ਪੀਂਦਾ ਅਤੇ ਸ਼ਰਾਬ ਦੀ ਵਿਕਰੀ ਤੋਂ ਮਾਲੀਆ ਪ੍ਰਾਪਤ ਕਰਨ ਦੇ ਹੱਕ ਵਿਚ ਵੀ ਨਹੀਂ ਹਾਂ ਪਰ ਜੇਕਰ ਸਰਕਾਰ ਕਮਾਈ ਕਰ ਰਹੀ ਹੈ ਤਾਂ ਇਸ ਨੂੰ ਘਾਟੇ ਤੋਂ ਰੋਕਿਆ ਜਾਵੇ। ਪੰਜਾਬ ਨੂੰ ਸਿਰਫ਼ ਸ਼ਰਾਬ 'ਤੇ ਐਕਸਾਈਜ਼ ਡਿਊਟੀ ਤੋਂ 3500 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਮਾਫੀਆ ਮਾਲੀਆ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪੰਜਾਬ ਨੇ 6 ਲੱਖ ਕਰੋੜ ਰੁਪਏ ਦਾ ਕਰਜ਼ਾ ਆਪਣੇ ਬਿੱਲਾਂ 'ਤੇ ਰੱਖ ਚੁੱਕਿਆ ਹੈ। ਪੰਜਾਬ ਵਿੱਤੀ ਦੀਵਾਲੀਏਪਣ 'ਤੇ ਖੜ੍ਹਾ ਹੈ।"
ਸਿੱਧੂ ਨੇ ਸਿੱਖਿਆ ਦੇ ਮੁੱਦੇ 'ਤੇ ਵੀ ਕੇਜਰੀਵਾਲ 'ਤੇ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਜਦੋਂ ਕੇਜਰੀਵਾਲ ਸੱਤਾ ਵਿਚ ਆਏ ਸਨ ਤਾਂ ਉਨ੍ਹਾਂ ਨੇ 8 ਲੱਖ ਨੌਕਰੀਆਂ ਦੀ ਗੱਲ ਕੀਤੀ ਸੀ ਪਰ ਸਿਰਫ਼ 440 ਲੋਕਾਂ ਨੂੰ ਹੀ ਮਿਲੀਆਂ ਹਨ। ਜੇ ਉਹ ਮੇਰੇ ਨਾਲ ਬਹਿਸ ਕਰਦਾ ਹੈ, ਤਾਂ ਮੈਂ ਸਾਰਿਆਂ ਨੂੰ ਬੇਨਕਾਬ ਕਰ ਦੇਣਾ ਸੀ। ਸਿੱਧੂ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਆਈ ਤਾਂ ਅਧਿਆਪਕਾਂ ਦੀਆਂ 7 ਹਜ਼ਾਰ ਅਸਾਮੀਆਂ ਖਾਲੀ ਸਨ, ਹੁਣ 19 ਹਜ਼ਾਰ ਅਸਾਮੀਆਂ ਖਾਲੀ ਹਨ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਝੂਠ ਵੇਚ ਰਿਹਾ ਹੈ। ਉਨ੍ਹਾਂ ਨੇ ਕਿਹੜੇ ਨਵੇਂ ਸਕੂਲ ਬਣਾਏ ਹਨ?
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਫਰਜ਼ੀ ਕੇਜਰੀਵਾਲ ਕਿਹਾ ਸੀ। ਇਸ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨਕਲੀ ਸਿੱਧੂ ਬਣ ਗਿਆ ਹੈ। ਜੋ ਉਹਨਾਂ ਦੇ ਪੰਜਾਬ ਮਾਡਲ ਦੀ ਨਕਲ ਕਰ ਰਿਹਾ ਹੈ। ਹਰ ਔਰਤ ਨੂੰ ਨੌਕਰੀ, ਮੁਫ਼ਤ ਬਿਜਲੀ ਅਤੇ ਇੱਕ ਹਜ਼ਾਰ ਰੁਪਏ ਦੇਣ ਦਾ ਦਾਅਵਾ ਕੇਜਰੀਵਾਲ ਕਿੱਥੋਂ ਪੂਰਾ ਕਰੇਗਾ। ਜੇਕਰ ਰੇਤ ਵਿੱਚੋਂ ਦੋ ਹਜ਼ਾਰ ਰੁਪਏ ਨਹੀਂ ਨਿਕਲੇ ਤਾਂ ਉਹ ਪੈਸੇ ਕਿੱਥੋਂ ਲਿਆਉਣਗੇ?