ਕਿਹਾ ਮੋਦੀ ਪਾਕਿ ਨੂੰ ਕਮਜ਼ੋਰ ਸਮਝਦੇ ਹਨ
ਇਸਲਾਮਾਬਾਦ, 11 ਦਸੰਬਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੋਦੀ ਸਰਕਾਰ ਨੂੰ ਲੈ ਕੇ ਪ੍ਰੇਸਾਨ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਾਡੀਆਂ ਕੋਸ਼ਿਸ਼ਾਂ ਨੂੰ ਕਮਜ਼ੋਰੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਭਾਰਤ ’ਚ ਅਜਿਹੀ ਸਰਕਾਰ ਆਵੇ ਜੋ ਪਾਕਿਸਤਾਨ ਨਾਲ ਗੰਭੀਰਤਾ ਨਾਲ ਗੱਲ ਕਰ ਸਕੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇਸਲਾਮਾਬਾਦ ਕਨਕਲੇਵ 2021 ਵਿਚ ਕਿਹਾ ਕਿ ਇਕ ਮੁੱਦੇ ਨੇ ਪੂਰੇ ਦੱਖਣੀ ਏਸ਼ੀਆ ਨੂੰ ਗੁਲਾਮ ਬਣਾ ਦਿਤਾ ਹੈ। ਇਹ ਮੁੱਦਾ ਕਸਮੀਰ ਦਾ ਹੈ। ਮੈਂ ਕਈ ਵਾਰ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਉਹ ਇਨ੍ਹਾਂ ਯਤਨਾਂ ਨੂੰ ਸਾਡੀ ਕਮਜ਼ੋਰੀ ਸਮਝ ਰਹੇ ਹਨ। ਉਨ੍ਹਾਂ ਦਾ ਪ੍ਰਤੀਕਰਮ ਇਕ ਵੱਖਰੇ ਰੂਪ ਵਿਚ ਆ ਰਿਹਾ ਸੀ।
ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੂੰ ਲੱਗਦਾ ਹੈ ਕਿ ਪਾਕਿਸਤਾਨ ਇਸ ਸਮੇਂ ਬਹੁਤ ਕਮਜ਼ੋਰ ਹੈ। ਅਸੀਂ ਕਿਸੇ ਸਾਧਾਰਨ ਹਿੰਦੁਸਤਾਨ ਦੀ ਸਰਕਾਰ ਨਾਲ ਗੱਲਬਾਤ ਨਹੀਂ ਕਰ ਰਹੇ ਪਰ ਇਹ ਇਕ ਖਾਸ ਵਿਚਾਰਧਾਰਾ ਵਾਲੀ ਸਰਕਾਰ ਹੈ। ਇਸ ਨਾਲ ਗੱਲਬਾਤ ਬਹੁਤ ਮੁਸਕਲ ਹੋ ਜਾਂਦੀ ਹੈ। ਇਹ ਭਾਰਤ ਲਈ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਕਸਮੀਰ ਮਸਲਾ ਵੀ ਬੰਬਾਂ ਅਤੇ ਬੰਦੂਕਾਂ ਨਾਲ ਨਹੀਂ ਸਗੋਂ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਦੋਵਾਂ ਦੇਸਾਂ ਵਿਚਾਲੇ ਵਪਾਰ ਵੀ ਬਹੁਤ ਘੱਟ ਹੈ। (ਏਜੰਸੀ)