Punjab News: ਨਗਰ ਨਗਮ ’ਤੇ ਨਗਰ ਕੌਂਸਲਾਂ ਚੋਣਾਂ ਸਬੰਧੀ ਭਾਜਪਾ ਵਲੋਂ ਰਾਜਪਾਲ ਨੂੰ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਰਪੱਖ ਚੋਣਾਂ ਕਰਵਾਉਣ ਦੀ ਮੰਗ

Punjab News: BJP writes to Governor regarding Municipal Corporation and Municipal Council elections

Punjab News: ਨਗਰ ਨਗਮ ’ਤੇ ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਭਾਜਪਾ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ 'ਤੇ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। 'ਆਪ' 'ਤੇ ਸੂਬਾ ਸਰਕਾਰ ਦੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਉਮੀਦਵਾਰਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਜਦਕਿ ਪਟਿਆਲਾ ਵਿਚ ਇਕ ਉਮੀਦਵਾਰ ਜਦੋਂ ਨਾਮਜ਼ਦਗੀ ਭਰਨ ਲਈ ਨਿਕਲਿਆ ਤਾਂ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਲੈ ਲਿਆ ਗਿਆ।

ਪੰਜਾਬ ਭਾਜਪਾ ਨੇ ਪੱਤਰ ਵਿਚ ਲਿਖਿਆ ਹੈ ਕਿ ਅਸੀਂ ਪੰਜਾਬ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਵਲ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਾਂ। ਪਤਾ ਲੱਗਾ ਹੈ ਕਿ ਸਿਆਸੀ ਪੱਖਪਾਤ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਪੰਜਾਬ ਸਰਕਾਰ ਸਿਆਸੀ ਲਾਹਾ ਲੈਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ। ਅਜਿਹੀਆਂ ਕਾਰਵਾਈਆਂ ਨਾ ਸਿਰਫ਼ ਲੋਕਤਾਂਤਰਿਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਸਗੋਂ ਚੋਣਾਂ ਦੀ ਨਿਰਪੱਖਤਾ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਢਾਹ ਲਾ ਰਹੀਆਂ ਹਨ।

ਭਾਜਪਾ ਨੇ ਚਿੰਤਾ ਪ੍ਰਗਟਾਈ ਹੈ:

ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿਤੇ ਜਾ ਰਹੇ ਹਨ। ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰਾਂ (ਆਰ.ਓ.) ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ। 2024 ਦੀਆਂ ਪੰਚਾਇਤੀ ਚੋਣਾਂ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਵਿਚ ਵਿਆਪਕ ਹਿੰਸਾ ਹੋਈ ਸੀ। ਹੁਣ ਇਹ ਖ਼ਦਸ਼ਾ ਵਧ ਗਿਆ ਹੈ ਕਿ ਮੌਜੂਦਾ ਚੋਣਾਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ।

ਵਿਰੋਧੀ ਉਮੀਦਵਾਰਾਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਵਲੋਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਜਾਪਦਾ ਹੈ ਕਿ ਆਮ ਆਦਮੀ ਪਾਰਟੀ ‘ਆਪ’ ਸਰਕਾਰ ਕਿਸੇ ਵੀ ਕੀਮਤ 'ਤੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਲੋਕਤੰਤਰੀ ਪ੍ਰਕਿਰਿਆ ਦੀ ਉਲੰਘਣਾ ਹੈ।

ਉਮੀਦਵਾਰ ਪਟਿਆਲਾ ਵਿਚ ਗ੍ਰਿਫ਼ਤਾਰ:

ਪਟਿਆਲਾ ਵਿਚ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਇਕ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ਼ੈਰਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਗੌਤਮ ਸੂਦ ਨੂੰ ਘਨੌਰ ਥਾਣੇ ਦੇ ਐਸ.ਐਚ.ਓ. ਨੇ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਸੂਚਨਾ ਐਸ.ਐਸ.ਪੀ ਅਤੇ ਡੀ.ਐਸ.ਪੀ, ਪਟਿਆਲਾ ਨੂੰ ਦਿਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਅਧਿਕਾਰੀ ਸੂਬਾ ਸਰਕਾਰ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ।

ਨਿਰਪੱਖ ਚੋਣਾਂ ਕਰਵਾਉਣ:

ਉਪਰੋਕਤ ਚਿੰਤਾਵਾਂ ਦੇ ਮੱਦੇਨਜ਼ਰ ਭਾਜਪਾ ਆਗੂਆਂ ਨੇ ਰਾਜਪਾਲ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਤੁਰਤ ਦਖ਼ਲ ਦੇਣ ਅਤੇ ਹੇਠ ਲਿਖੇ ਕਦਮ ਚੁਕਣ ਦੇ ਨਿਰਦੇਸ਼ ਦੇਣ। ਰਾਜ ਸਰਕਾਰ ਨੂੰ ਹਦਾਇਤ ਕੀਤੀ ਕਿ ਮਿਊਂਸਪਲ ਚੋਣਾਂ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਵਾਈਆਂ ਜਾਣ। ਨਾਮਜ਼ਦਗੀ ਤੋਂ ਲੈ ਕੇ ਚੋਣ ਪ੍ਰਕਿਰਿਆ ਪੂਰੀ ਹੋਣ ਤਕ ਲੋੜੀਂਦੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇ।

ਸਾਰੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਹਿੰਸਾ ਨੂੰ ਰੋਕਿਆ ਜਾ ਸਕੇ। ਨਾਮਜ਼ਦਗੀ ਅਤੇ ਚੋਣ ਪ੍ਰਕਿਰਿਆ ਦੀ ਵੀਡੀਉਗ੍ਰਾਫ਼ੀ ਯਕੀਨੀ ਬਣਾਈ ਜਾਵੇ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖੀ ਜਾ ਸਕੇ। ਇਹ ਯਕੀਨੀ ਬਣਾਇਆ ਜਾਵੇ ਕਿ ਨਾਮਜ਼ਦਗੀ ਪੱਤਰ ਬੇਲੋੜੇ ਜਾਂ ਫ਼ਜ਼ੂਲ ਕਾਰਨਾਂ ਕਰ ਕੇ ਰੱਦ ਨਾ ਕੀਤੇ ਜਾਣ।

ਪੱਖਪਾਤੀ ਅਫ਼ਸਰਾਂ ਵਿਰੁਧ ਕਾਰਵਾਈ ਦੀ ਮੰਗ

ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੱਖਪਾਤੀ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਕੁਤਾਹੀ ਵਿਚ ਸ਼ਾਮਲ ਹਨ। ਚੋਣਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਸੂਬਾ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਜਾਵੇ।