ਗੁਰਪ੍ਰੀਤ ਸੇਖੋਂ ਦਾ ਪਰਿਵਾਰ ਆਇਆ ਸਾਹਮਣੇ, ਕਿਹਾ ‘ਸਾਡੇ ਨਾਲ ਕੀਤਾ ਜਾ ਰਿਹਾ ਧੱਕਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਲਿਆ ਸੀ ਹਿਰਾਸਤ ’ਚ

Gurpreet Sekhon's family comes forward, says 'We are being bullied'

ਫਿਰੋਜ਼ਪੁਰ: ਗੁਰਪ੍ਰੀਤ ਸੇਖੋਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲਏ ਜਾਣ ਉਪਰੰਤ ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਥਾਣਾ ਘੱਲ ਖੁਰਦ ਮੁਹਰੇ ਧਰਨਾ ਲਾਇਆ ਗਿਆ। ਦੱਸਣਯੋਗ ਹੈ ਕਿ ਬੀਤੀ ਰਾਤ ਗੁਰਪ੍ਰੀਤ ਸਿੰਘ ਸੇਖੋਂ ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਵਿਖੇ ਪੁਲਿਸ ਸਾਹਮਣੇ ਪੇਸ਼ ਹੋਏ ਸਨ, ਜਿਸ ਉਪਰੰਤ ਪੁਲਿਸ ਵੱਲੋਂ ਇਕ ਦਰਖਾਸਤ ਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਸੇਖੋਂ ਨੂੰ 7/51 ਧਾਰਾ ਤਹਿਤ ਹਿਰਾਸਤ ’ਚ ਲੈ ਲਿਆ ਸੀ। ਜਿਸ ਉਪਰੰਤ ਉਹਨਾਂ ਦੇ ਸਮਰਥਕਾਂ ’ਚ ਭਾਰੀ ਰੋਸ ਪਾਇਆ ਗਿਆ ਅਤੇ ਓਹਨਾ ਵੱਲੋਂ ਥਾਣਾ ਘੱਲ ਖੁਰਦ ਵਿਖੇ ਧਰਨਾ ਦੇ ਦਿਤਾ।

ਧਰਨਾ ਦਿੰਦਿਆਂ ਗੁਰਪ੍ਰੀਤ ਸੇਖੋਂ ਦੀ ਪਤਨੀ ਨੇ ਕਿਹਾ ਕਿ ਅਸੀ ਸ਼ਾਂਤਮਈ ਚੋਣ ਪ੍ਰਚਾਰ ਕਰ ਰਹੇ ਸੀ, ਪਰ ਪੁਲਿਸ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਇਕ ਰਜਨੀਸ਼ ਦਹੀਆ ਦੇ ਕਹਿਣ ਤੇ ਹੀ ਸਾਰਾ ਕੁਝ ਹੋ ਰਿਹਾ ਹੈ। ਉਹਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਚੋਣ ਕਰਵਾਈ ਜਾਵੇ।

ਮੌਕੇ ਤੇ ਮੌਜੂਦ ਕਰਨ ਸ਼ਰਮਾ ਡੀ ਐੱਸ ਪੀ ਨੇ ਕਿਹਾ ਕਿ ਉਹਨਾਂ ਕੋਲ ਇਕ ਦਰਖਾਸਤ ਆਈ ਸੀ ਜਿਸ ਦੇ ਮੱਦੇਨਜ਼ਰ ਚੋਣਾਂ ਦੌਰਾਨ ਮਹੌਲ ਖਰਾਬ ਨਾ ਹੋਵੇ, ਇਸ ਕਰਕੇ ਗੁਰਪ੍ਰੀਤ ਸੇਖੋਂ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਚ ਲਿਆ ਹੈ,ਅਤੇ 7/51 ਦੇ ਕਲੰਦਰੇ ਭਰ ਕੇ ਅੱਜ ਐੱਸ ਡੀ ਐੱਮ ਕੋਰਟ ’ਚ ਪੇਸ਼ ਕੀਤਾ ਜਾਵੇਗਾ।