ਕੈਪਟਨ ਅਤੇ ਹਰਸਿਮਰਤ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦਾਂ ਦੀ ਜੰਗ ਦਿਨੋ-ਦਿਨ ਤੇਜ਼.......

Ranjit Singh Brahmpura

ਚੰਡੀਗੜ੍ਹ  (ਨੀਲ) : ਕਰਤਾਰਪੁਰ ਲਾਂਘੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦਾਂ ਦੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਹਾਲਾਂਕਿ ਇਹ ਕਰਤਾਰਪੁਰ ਲਾਂਘੇ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਅਤੇ ਨਾਜ਼ੁਕ ਹੈ ਜੋ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੇਂਦਰ ਦੀ ਵਜ਼ੀਰ ਹਰਸਿਮਰਤ ਕੌਰ ਬਾਦਲ

ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਦੋਗਲੀ ਰਾਜਨੀਤੀ ਕਰਨ ਲਈ ਘੇਰਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੋਕ ਪਹਿਲਾਂ ਹੀ ਬਹੁਤ ਤੰਗ ਅਤੇ ਦੁਖੀ ਹੋ ਚੁੱਕੇ ਹਨ। ਕਾਂਗਰਸ ਵਲੋਂ 1984 ਵਿਚ ਕੀਤੇ ਗਏ ਜ਼ੁਲਮ ਸਿੱਖ ਕੌਮ ਭੁੱਲ ਨਹੀਂ ਸਕਦੀ। ਇਨ੍ਹਾਂ ਹੀ ਨਹੀਂ ਬ੍ਰਹਮਪੁਰਾ ਨੇ ਤਾਂ ਬਾਦਲ ਪਰਵਾਰ ਨੂੰ ਵੀ ਅਪਣੇ ਤਿੱਖੇ ਨਿਸ਼ਾਨੇ 'ਤੇ ਲਿਆ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰਨ ਤੋਂ ਪਹਿਲਾਂ ਸ਼ਾਇਦ ਇਹ ਭੁੱਲ ਚੁੱਕੀ ਹੈ ਬਾਦਲ ਪਰਵਾਰ ਨੇ ਕੀ-ਕੀ ਪਾਪ ਕਮਾਏ ਹਨ।

ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਸਿੱਖ ਕੌਮ ਨੂੰ ਬਾਦਲ ਪਰਵਾਰ ਦੀ ਹੀ ਦੇਣ ਹੈ, ਬਾਦਲ ਸਰਕਾਰ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ ਅਤੇ ਪਖੰਡੀ ਸਾਧ ਜਿਸਨੂੰ ਹੁਣ ਅਦਾਲਤ ਵੀ ਪੱਕਾ ਦੋਸ਼ੀ ਕਰਾਰ ਦੇ ਚੁੱਕੀ ਹੈ ਉਸ ਪਖੰਡੀ ਸਾਧ ਰਾਮ ਰਹੀਮ ਦੀਆਂ ਫ਼ਿਲਮਾਂ ਤਕ ਬਾਦਲਾਂ ਨੇ ਚਲਵਾਈਆਂ ਹਨ ਅਤੇ ਇਨ੍ਹਾਂ ਬਾਦਲਾਂ ਨੇ ਸੂਬੇ ਵਿਚ ਮਾਫ਼ੀਆ ਰਾਜ ਤੋਂ ਇਲਾਵਾ ਹੋਰ ਕੋਈ ਵੀ ਅਜਿਹੇ ਕੰਮਾਂ ਨੂੰ ਕੌਮ ਪੱਲੇ ਪਾਇਆ।   

ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਬਦ ਨਾਲੋ ਵੀ ਬਦਤਰ ਦੋਹਾਂ ਪਾਰਟੀਆਂ ਨੇ ਕਰ ਦਿਤੇ ਹਨ ਕਿ ਹੁਣ ਬੱਚਾ-ਬੱਚਾ ਪੰਜਾਬ ਵਿਚ ਸਿਆਸੀ ਬਦਲਾਅ ਚਾਹੁੰਦਾ ਹੈ, ਪੰਜਾਬ ਦੇ ਲੋਕ ਮਨ ਹੀ ਮਨ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਲਾਂਭੇ ਕਰਨ ਦਾ ਇਰਾਦਾ ਬਣਾਈ ਬੈਠੇ ਹਨ ਜਿਸਦਾ ਜਵਾਬ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਪਾਰਟੀ ਨੂੰ ਮਿਲ ਜਾਵੇਗਾ।