ਲੋਕ ਸਭਾ ਚੋਣਾਂ ਲਈ ਮੁਕਾਬਲਾ ਚਹੁੰ-ਕੋਨਾ ਬਣਨ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਢ ਮਹੀਨਾ ਪਹਿਲਾਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਆਸ ਨਾਲੋਂ ਵੱਧ ਚੰਗਾ ਪ੍ਰਦਰਸ਼ਨ ਕਰਨ ਤੇ ਇਨ੍ਹਾਂ ਸੂਬਿਆਂ ਵਿਚ........

Navjot Singh Sidhu

ਚੰਡੀਗੜ੍ਹ : ਡੇਢ ਮਹੀਨਾ ਪਹਿਲਾਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਆਸ ਨਾਲੋਂ ਵੱਧ ਚੰਗਾ ਪ੍ਰਦਰਸ਼ਨ ਕਰਨ ਤੇ ਇਨ੍ਹਾਂ ਸੂਬਿਆਂ ਵਿਚ ਬੀਜੇਪੀ ਨੂੰ ਹਰਾਉਣ ਉਪਰੰਤ ਹੁਣ ਕਾਂਗਰਸ ਹਾਈ ਕਮਾਂਡ ਲੋਕ ਸਭਾ ਚੋਣਾਂ ਵਾਸਤੇ ਪੰਜਾਬ ਦੇ ਸਿਰਕੱਢ ਨੇਤਾਵਾਂ ਨੂੰ ਕਾਫ਼ੀ ਅਹਿਮੀਅਤ ਦੇਣ ਲੱਗੀ ਹੈ। ਕਾਂਗਰਸੀ ਸੂਤਰਾਂ ਨੇ ਨਵੀਂ ਦਿੱਲੀ ਤੋਂ ਦਸਿਆ ਕਿ ਯੂ.ਪੀ. ਵਿਚ ਅਖਿਲੇਸ਼ ਅਤੇ ਮਾਇਆਵਤੀ ਯਾਨੀ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚ ਆਪਸੀ ਸਮਝੌਤੇ

ਉਪਰੰਤ ਰਾਹੁਲ ਗਾਂਧੀ ਨੇ ਹੁਣ ਪੰਜਾਬ ਦੀਆਂ 13 ਸੀਟਾਂ ਅਤੇ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿਚ ਵੱਧ ਤੋਂ ਵੱਧ ਸੀਟਾਂ ਜਿੱਤਣ ਵਲ ਧਿਆਨ ਕੇਂਦਰਿਤ ਕੀਤਾ ਹੈ। ਕਾਂਗਰਸ ਅਤੇ 'ਆਪ' ਵਿਚਾਲੇ ਹੋ ਰਹੇ ਸਮਝੌਤੇ ਸਬੰਧੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੁਲ੍ਹ ਕੇ ਵਿਰੋਧਤਾ ਕੀਤੀ ਹੈ ਅਤੇ ਰਾਹੁਲ ਗਾਂਧੀ ਨੂੰ ਇਸ਼ਾਰਾ ਦਿਤਾ ਹੈ ਕਿ ਪੰਜਾਬ ਵਿਚ ਇਸ ਤਰ੍ਹਾਂ ਦਾ ਗਠਜੋੜ ਕਤਈ ਬਰਦਾਸ਼ਤ ਨਹੀਂ ਹੈ, ਪਰ ਫਿਰ ਵੀ ਅੰਰਦੋਂ ਅੰਦਰੀ ਕਾਂਗਰਸ ਖ਼ੁਦ ਬਣ ਰਹੇ ਸੰਭਾਵੀ ਚਹੁੰ ਕੋਨੇ ਮੁਕਾਬਲੇ ਤੋਂ ਡਰ ਰਹੀ ਹੈ।

ਸੱਤਾਧਾਰੀ ਕਾਂਗਰਸ ਨੇ ਏਜੰਸੀਆਂ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਲੋਕ ਸਭਾ ਚੋਣਾਂ ਵਾਸਤੇ ਗੁਪਤੀ ਦੂਜਾ ਸਰਵੇਖਣ ਕਰਾਉਣ ਦੇ ਵੀ ਹੁਕਮ ਦੇ ਦਿਤੇ। ਇਕ ਹਫ਼ਤੇ ਤਕ ਅੰਕੜੇ ਤੇ ਵੇਰਵੇ ਮਿਲ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਦੀ ਜਲੰਧਰ ਤੇ ਗੁਰਦਾਸਪੁਰ ਫੇਰੀ ਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕਾਂਗਰਸ ਦੇ ਮੌਜੂਦਾ ਐਮ.ਪੀ. ਸੁਨੀਲ ਜਾਖੜ ਗੁਰਦਾਸਪੁਰ, ਰਵਨੀਤ ਸਿੰਘ ਬਿੱਟੂ ਲੁਧਿਆਣਾ, ਸੰਤੋਖ ਚੌਧਰੀ ਜਲੰਧਰ ਤੇ ਗੁਰਜੀਤ ਔਜਲਾ ਅੰਮ੍ਰਿਤਸਰ ਨੇ ਭਾਵੇਂ ਵੋਟਰਾਂ ਨਾਲ ਹੋਰ ਦ੍ਰਿੜ੍ਹ ਇਰਾਦੇ ਨਾਲ ਸੰਪਰਕ ਕਾਇਮ ਕਰਨਾ ਸ਼ੁਰੂ ਕਰ ਦਿਤਾ ਹੈ

ਪਰ ਪਾਰਟੀ ਹਾਈ ਕਮਾਂਡ ਬਾਕੀ 9 ਸੀਟਾਂ ਵਿਚੋਂ ਘੱਟੋ ਘੱਟ 5 'ਤੇ ਸੀਨੀਅਰ ਲੀਡਰਾਂ ਨੂੰ ਮੈਦਾਨ ਵਿਚ ਲਿਆਉਣ ਲਈ ਸੋਚ ਰਹੀ ਹੈ। ਇਨ੍ਹਾਂ ਵਿਚ ਮੰਤਰੀ ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਸੁਖ ਸਰਕਾਰੀਆ ਅਤੇ ਮੌਜੂਦਾ ਵਿਧਾਇਕ ਵੀ ਉਮੀਦਵਾਰ ਹੋ ਸਕਦੇ ਹਨ। ਆਉਂਦੇ 10 ਦਿਨਾਂ ਵਿਚ ਰਾਹੁਲ ਗਾਂਧੀ ਪੰਜਾਬ ਦੇ ਸਿਰਕੱਢ ਆਗੂਆਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੱਧੂ, ਮਨਪ੍ਰੀਤ ਬਾਦਲ ਤੇ ਹੋਰਨਾਂ ਨੂੰ ਸਲਾਹ ਮਸ਼ਵਰੇ ਲਈ ਦਿੱਲੀ ਬੁਲਾ ਸਕਦੇ ਹਨ।

ਰਾਹੁਲ ਗਾਂਧੀ ਹਰ ਹੀਲਾ ਵਰਤਣਗੇ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਘੱਟੋ ਘੱਟ 100 ਸੀਟਾਂ 'ਤੇ ਜਿੱਤ ਪ੍ਰਾਪਤ ਕਰੇ ਤਾਕਿ ਗ਼ੈਰ ਬੀਜੇਪੀ ਪਾਰਟੀਆਂ ਵਿਚੋਂ ਕਾਂਗਰਸ ਸਾਹਮਣੇ ਉਭਰ ਕੇ ਆਵੇ ਤੇ ਰਾਹੁਲ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਕਾਮਯਾਬ ਹੋ ਜਾਵੇ। ਪੰਜਾਬ ਵਿਚ ਕੁਲ 13 ਲੋਕ ਸਭਾ ਸੀਟਾਂ ਲਈ 2 ਕਰੋੜ ਦੇ ਕਰੀਬ ਵੋਟਾਂ ਹਨ ਅਤੇ ਔਸਤਨ ਇਕ ਸੀਟ ਵਾਸਤੇ 15 ਕੁ ਲੱਖ ਵੋਟਾਂ ਵਿਚੋਂ 10 ਕੁ ਲੱਖ ਵੋਟਾਂ ਪੋਲ ਹੁੰਦੀਆਂ ਹਨ

ਤੇ ਇਸ 4 ਕੋਨੇ ਮੁਕਾਬਲੇ ਵਿਚ 3 ਕੁ ਲੱਖ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਝੰਡੀ ਲੈ ਜਾਵੇਗਾ। ਉਂਜ ਤਾਂ ਸੱਤਾਧਾਰੀ ਕਾਂਗਰਸ ਸਾਰੀਆਂ 13 ਸੀਟਾਂ 'ਤੇ ਜਿੱਤ ਦੀ ਆਸ ਲਾਈ ਬੈਠੀ ਹੈ ਪਰ ਐਸੀ ਹਨੇਰੀ ਝੁਲਣ ਦਾ ਅਜੇ ਤਕ ਕੋਈ ਇਸ਼ਾਰਾ ਲੱਭਿਆ ਨਹੀਂ ਹੈ ਕਿਉਂਕਿ ਪੰਜਾਬ ਵਿਚ ਧਾਰਮਕ ਬੇਅਦਬੀ ਦੇ ਮੁੱਦੇ ਤੋਂ ਇਲਾਵਾ ਹੋਰ ਕਈ ਮਸਲੇ ਵੀ ਹੱਲ ਕਰਨ ਵਾਲੇ ਹਨ।