ਫੁੱਟ ਪਾਉਣ ਵਾਲੇ ਬੰਦੇ ਨੇ ਅਪਣੀ ਪਾਰਟੀ ਦਾ ਨਾਂ 'ਪੰਜਾਬੀ ਏਕਤਾ' ਰਖਿਆ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਜਨਵਰੀ ਨੂੰ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ........

Bhagwant Mann

ਭਵਾਨੀਗੜ੍ਹ : 20 ਜਨਵਰੀ ਨੂੰ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਰੇਤਗੜ੍ਹ ਵਿਖੇ ਪਹੁੰਚੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦਸਿਆ ਕਿ ਰੈਲੀ ਵਿਚ 'ਆਪ' ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਵਲੋਂ ਗਠਤ ਕੀਤੀ ਨਵੀਂ ਪਾਰਟੀ ਬਾਰੇ ਮਾਨ ਨੇ ਕਿਹਾ ਕਿ ਬੜੀ ਹਾਸੋ-ਹੀਣੀ ਗੱਲ ਹੈ ਕਿ ਸਾਡੀ ਪਾਰਟੀ 'ਚ ਫੁੱਟ ਪਾਉਣ ਵਾਲਾ ਬੰਦਾ ਅਪਣੀ ਪਾਰਟੀ ਦਾ ਨਾਂ 'ਪੰਜਾਬੀ ਏਕਤਾ' ਰੱਖਣਾ ਹਾਸੋਹਾਣੀ ਲੱਗਦੀ ਹੈ।

ਇਸ ਦੌਰਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀਆਂ ਦਰਮਿਆਨ ਅੰਦਰਖਾਤੇ ਸਮਝੌਤਾ ਹੋਣ ਦੀ ਗੱਲ ਆਖੀ ਹੈ ਕਿਉਂਕਿ ਬਾਦਲਾਂ ਦੀਆਂ ਔਰਬਿਟ ਬੱਸਾਂ 'ਤੇ ਕਾਰਵਾਈ ਕਰਨ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਦੇ ਰਾਜ ਵਿਚ ਬਾਦਲਾਂ ਦੇ ਕਾਰੋਬਾਰ ਵਿਚ ਵਾਧਾ ਹੀ ਹੋਇਆ ਹੈ। ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਟਰਨੈਸ਼ਨਲ ਗੱਪੀ ਅਤੇ ਸੁਖਬੀਰ ਬਾਦਲ ਨੂੰ ਸੂਬੇ ਦਾ ਸਭ ਤੋਂ ਵੱਡਾ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਦੇਸ਼ ਅਤੇ ਸੂਬੇ ਨੂੰ ਬਰਬਾਦ ਕਰਕੇ ਰੱਖ ਦਿਤਾ ਹੈ।  

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਰੱਖੀ ਮੀਟਿੰਗ ਸਬੰਧੀ ਬੋਲਦਿਆਂ ਕਿਹਾ ਕਿ ਇਸ ਧਾਰਮਕ ਮਸਲੇ 'ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਮਾਨ ਨੇ ਲੋਕਾਂ ਨੂੰ ਬਰਨਾਲਾ ਰੈਲੀ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।
ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਗਠਜੋੜ ਬਣਾਉਣ ਸਬੰਧੀ ਅਜੇ ਤਕ ਕੋਈ ਗੱਲਬਾਤ ਨਹੀਂ ਹੋਈ ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਦੀ ਲੁੱਟ ਵਿਰੁਧ ਟਕਸਾਲੀ ਅਕਾਲੀਆਂ ਸਮੇਤ ਹਮਖਿਆਲ ਪਾਰਟੀਆਂ ਨਾਲ ਸਾਂਝ ਬਣ ਸਕਦੀ ਹੈ।

ਉਨ੍ਹਾਂ ਨੇ ਬਲਾਕ ਅੰਦਰ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਗ੍ਰਾਂਟ ਦੇਣ ਦੇ ਕੀਤੇ ਵਾਅਦੇ ਨੂੰ ਹਰ ਹਾਲ ਵਿਚ ਪੂਰਾ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਵੱਖ-ਵੱਖ ਮੁਲਕਾਂ ਵਿਚ ਫਸੇ ਪੰਜਾਬੀਆਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਪਾਰਟੀ ਆਗੂ ਦਿਨੇਸ ਬਾਂਸਲ, ਗੁਰਦੀਪ ਸਿੰਘ ਫੱਗੂਵਾਲਾ,  ਯੂਥ ਆਗੂ ਨਰਿੰਦਰ ਕੌਰ ਭਰਾਜ, ਨਰਦੇਵ ਸਿੰਘ ਤੂਰ ਅਤੇ ਅਵਤਾਰ ਸਿੰਘ ਆਲੋਅਰਖ ਵੀ ਹਾਜ਼ਰ ਸਨ।