ਫੂਲਕਾ ਵਲੋਂ 'ਸਿੱਖ ਸੇਵਕ ਆਰਮੀ' ਦੇ ਗਠਨ ਦਾ ਐਲਾਨ
ਕਿਹਾ, ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਵਾਵਾਂਗੇ......
ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਵਿਚ ਹੱਥ ਅਜ਼ਮਾ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਹੁਣ ਧਰਮ ਦੀ ਸਿਆਸਤ ਵਿਚ ਹੱਥ ਅਜਮਾਉਂਦਿਆਂ ਸਿੱਖ ਸੇਵਕ ਆਰਮੀ ਦੇ ਗਠਨ ਦਾ ਐਲਾਨ ਕੀਤਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਜਥੇਬੰਦੀ ਰਾਹੀ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਵਾਉਣਗੇ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਪਣੇ ਸਾਥੀਆਂ ਨਾਲ ਪੁੱਜੇ ਸ. ਫੂਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਉਨ੍ਹਾਂ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ ਹੈ।
ਇਹ ਜਥੇਬੰਦੀ ਪਿੰਡਾਂ ਅਤੇ ਵਾਰਡ ਪੱਧਰ 'ਤੇ ਨਿਯੁਕਤੀਆਂ ਕਰਕੇ ਅਤੇ ਚੋਣਾਂ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਈ ਸਿਆਸੀ ਅਜਾਰੇਦਾਰੀ ਨੂੰ ਖ਼ਤਮ ਕਰਨ ਵਿਚ ਅਪਣੀ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਆਸੀਕਰਨ ਹੋਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਪੂਰੀ ਤਰ੍ਹਾਂ ਸਿਆਸਤ ਭਾਰੂ ਹੈ ਅਤੇ ਲਾਲਚੀ ਲੋਕ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ। ਇਹ ਲੋਕ ਜਨਰਲ ਚੋਣਾਂ ਵੀ ਲੜ ਰਹੇ ਹਨ ਜਿਸ ਕਾਰਨ ਗੁਰਦਵਾਰਾ ਪ੍ਰਬੰਧ ਅਤੇ ਫ਼ੰਡਾਂ ਦੀ ਦੂਰਵਰਤੋ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਆਪ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਹਿੱਸਾ ਨਹੀਂ ਲੈਣਗੇ ਪਰ ਚੋਣ ਲੜਣ ਵਾਲਿਆਂ ਲਈ ਹਰ ਪ੍ਰਕਾਰ ਦੀ ਸਹਾਇਤਾ ਲਈ ਵਚਨਬੱਧ ਹੋਣਗੇ। ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉੱਤੇ ਸਿਆਸਤ ਬਹੁਤ ਭਾਰੀ ਹੋ ਚੁੱਕੀ ਹੈ। ਇਸ ਜਥੇਬੰਦੀ ਦਾ ਕੋਈ ਵੀ ਮੈਂਬਰ ਜੋ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਤ ਜਾਵੇਗਾ ਨੂੰੰ ਜਨਰਲ ਚੋਣਾਂ ਲੜਨ ਦਾ ਅਧਿਕਾਰ ਨਹੀਂ ਹੋਵੇਗਾ। ਸਿੱਖ ਸੇਵਕ ਆਰਮੀ ਦੀ ਭਰਤੀ ਆਧੁਨਿਕ ਢੰਗ ਨਾਲ ਵੈੱਬਸਾਈਟ ਰਾਹੀਂ ਅਤੇ ਫ਼ੋਨ ਨੰਬਰਾਂ ਰਾਹੀਂ ਕੀਤੀ ਜਾਵੇਗੀ।
ਪਹਿਲੇ ਪੱਧਰ ਉੱਤੇ ਘਟ ਤੋਂ ਘਟ ਪੰਜ ਹਜ਼ਾਰ ਵਲੰਟੀਅਰ ਇਸ ਸੇਵਕ ਫ਼ੋਰਸ ਵਿਚ ਸ਼ਾਮਲ ਹੋਣਗੇ। ਸਿੱਖ ਸੇਵਕ ਆਰਮੀ ਵਿਚ ਸਿੰਘ ਸਭਾਵਾਂ ਅਤੇ ਸੇਵਕ ਜਥਾ ਇਸ਼ਨਾਨ ਦੇ ਨੁਮਾਇੰਦੀਆਂ ਨੂੰ ਨੁਮਾਇੰਦਗੀ ਦੇਣ ਦੇ ਨਾਲ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਈਆਂ ਜਾਣਗੀਆਂ ਤਾਂ ਜੋ ਗੁਰੂ ਘਰ ਦੀ ਨਿਸ਼ਕਾਮ ਸੇਵਾ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਧਾਰਮਕ ਸਭਾ ਸੁਸਾਇਟੀਆਂ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਨਹੀਂ ਹੁੰਦਾ। ਸ੍ਰ. ਫੂਲਕਾ ਨੇ ਕਿਹਾ ਕਿ ਇਸ ਸੰਗਠਨ ਦੇ ਕੰਮ ਕਾਰ 'ਤੇ ਨਜ਼ਰ ਰਖਣ ਲਈ ਬੁੱਧੀਜੀਵੀਆਂ ਦਾ ਇਕ ਪੈਨਲ ਵੀ ਗਠਨ ਕੀਤਾ ਜਾ ਰਿਹਾ ਹੈ।
ਜਿਹੜੇ ਬੁੱਧੀਜੀਵੀ ਇਸ ਪੈਨਲ ਵਿਚ ਹੋਣਗੇ ਉਹ ਵੀ ਚੋਣ ਨਹੀਂ ਲੜਣਗੇ। ਉਨ੍ਹਾਂ ਕਿਹਾ ਕਿ ਇਹ ਭਰਤੀ ਇਕ ਮਹੀਨੇ ਵਿਚ ਪੂਰੀ ਕਰ ਦਿਤੀ ਜਾਵੇਗੀ ਅਤੇ ਫਿਰ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਕ ਹੋਰ ਪੈਨਲ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਪੰਜਾਬੀਆਂ ਨੂੰ ਬਚਾਉਣ ਲਈ ਕੰਮ ਕਰੇਗਾ।
ਇਕ ਸਵਾਲ ਦੇ ਜਵਾਬ ਵਿਚ ਸ੍ਰ ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਵਲੋਂ ਸੁਪਰੀਮ ਕੋਰਟ ਵਿਚ ਅਪਣੀ ਸਜ਼ਾ ਮਾਫ਼ੀ ਲਈ ਅਪੀਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਕੇਸ ਵਿਚ ਇਹ ਪੂਰੀ ਸਮਰੱਥਾ ਲਗਾ ਦੇਣਗੇ ਤਾਂ ਕਿ ਸੱਜਣ ਕੁਮਾਰ ਦੀ ਸਜ਼ਾ ਬਰਕਰਾਰ ਰਹੇ। ਸ੍ਰ. ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੱਜਣ ਕੁਮਾਰ ਨੂੰ ਹੋਈ ਸਜ਼ਾ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਹੋਵੇਗੀ ਅਤੇ ਜੋ ਸਜ਼ਾ ਅਦਾਲਤ ਵਲੋਂ ਦਿਤੀ ਗਈ ਹੈ ਉਹ ਹੀ ਬਰਕਰਾਰ ਰਹੇਗੀ। ਸ੍ਰ ਫੁਲਕਾ ਨੇ ਕਿਹਾ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਸੱਜਣ ਕੁਮਾਰ ਦੇ ਕੇਸ ਦੀ ਤਰੀਕ ਹੈ ਅਤੇ ਉਹ ਅਪਣੇ ਪੱਖ ਲੈ ਕੇ ਅਦਾਲਤ ਵਿਚ ਪੇਸ਼ ਹੋਣਗੇ।