ਸਿਆਸੀ ਪਾਰਟੀਆਂ ਮਾਲਵੇ ਨੂੰ ਬਣਾਉਣ ਲਗੀਆਂ ਰਣਭੂਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ 2019 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਮੁੱਚੀਆ ਰਾਜਨੀਤਿਕ ਪਾਰਟੀਆਂ ਨੇ ਵਹੀਰਾਂ ਘੱਤ ਕੇ ਮਾਲਵੇ ਦੀ ਧਰਤੀ 'ਤੇ ਪੈਰ ਜਮਾਉਣੇ ਸ਼ੁਰੂ.........

Captain Amarinder Singh

ਧਨੌਲਾ : ਲੋਕ ਸਭਾ 2019 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਮੁੱਚੀਆ ਰਾਜਨੀਤਿਕ ਪਾਰਟੀਆਂ ਨੇ ਵਹੀਰਾਂ ਘੱਤ ਕੇ ਮਾਲਵੇ ਦੀ ਧਰਤੀ 'ਤੇ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਹਨ ਅਤੇ ਇਥੋਂ ਹੀ ਚੋਣ ਦੰਗਲ ਵਿਚ ਉਤਰਨ ਲਈ ਪਾਰਟੀਆਂ ਵਲੋਂ ਹੁਣੇ ਤੋਂ ਹੀ ਅਪਣੀ-ਅਪਣੀ ਸਾਖ਼ ਬਚਾਉਣ ਲਈ ਜੋੜ-ਤੋੜ ਸ਼ੁਰੂ ਕਰ ਦਿਤੇ ਗਏ ਹਨ। ਭਾਵੇਂ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਚਾਰ ਮਹੀਨੇ ਦਾ ਸਮਾਂ ਅਜੇ ਬਾਕੀ ਪਿਆ ਹੈ ਲੇਕਿਨ ਤੀਜੀ ਧਿਰ ਵਜੋਂ ਪੰਜਾਬ ਵਿਚ ਉਭਰ ਕੇ ਆਈ ਆਮ ਆਦਮੀ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿਤਾ ਹੈ,

ਜਿਸ ਨੂੰ ਲੈ ਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਬਰਨਾਲਾ ਵਿਖੇ ਇਕ ਅਹਿਮ ਰੈਲੀ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਕਿਉਂਕਿ ਆਮ ਆਦਮੀ ਪਾਰਟੀ ਅਪਣੀ ਸਾਖ ਬਚਾਉਣ ਲਈ ਇਨ੍ਹਾਂ ਚਾਰ ਮਹੀਨਿਆਂ ਅੰਦਰ ਅਪਣੇ ਭਵਿੱਖ ਨੂੰ ਸੰਵਾਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ ਕਿਉਂਕਿ ਕੁਝ ਸਮਾਂ ਪਹਿਲਾ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ 'ਚ ਘਾਤ ਲਾਉਂਦਿਆਂ ਸੱਤ ਵਿਧਾਇਕਾਂ ਨੂੰ ਨਾਲ ਜੋੜ ਕੇ ਆਮ ਆਦਮੀ ਪਾਰਟੀ ਨੂੰ ਤੋੜ ਕੇ ਰੱਖ ਦਿਤਾ ਹੈ। ਕੁਝ ਸੂਤਰਾਂ ਦਾ ਕਥਿਤ ਤੌਰ 'ਤੇ ਕਹਿਣਾ ਹੈ

ਕਿ ਖਹਿਰੇ ਧੜੇ ਵਲੋਂ ਬਣਾਈ ਗਈ ਨਵੀਂ ਪੰਜਾਬੀ ਏਕਤਾ ਪਾਰਟੀ ਦਾ ਲੱਕ ਤੋੜਨ ਲਈ ਬਾਗ਼ੀ ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ ਕੀਤੀ ਜਾ ਸਕਦੀ ਹੈ। ਜਿਸ ਲਈ ਦਿੱਲੀ ਦੇ ਕੁਝ ਨਾਮਵਰ ਵਪਾਰੀਆਂ ਨੂੰ ਇਸ ਵਿਚ ਲਗਾਏ ਜਾਣ ਦੀ ਖ਼ਬਰ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਟਕਸਾਲੀ ਅਕਾਲੀ ਆਗੂਆਂ ਨਾਲ ਵੀ ਹੱਥ ਮਿਲਾਉਣ ਦੀ ਤਿਆਰੀ ਵੀ ਜ਼ੋਰਾ 'ਤੇ ਚੱਲ ਰਹੀ ਹੈ। ਵੇਖਿਆ ਜਾਏ ਬਹੁਚਰਚਿੱਤ ਲੋਕ ਸਭਾ ਸੀਟ ਸੰਗਰੂਰ ਅਤੇ ਬਠਿੰਡਾ ਪੂਰੇ ਪੰਜਾਬ ਅੰਦਰ ਕੇਂਦਰ ਬਿੰਦੂ ਬਣਨ ਜਾ ਰਹੇ ਹਨ।

ਕਿਉਂਕਿ ਇਨ੍ਹਾਂ ਦੋਵਾਂ ਲੋਕ ਸਭਾ ਹਲਕਿਆਂ ਤੋਂ ਵੱਡੇ ਦਿਗਜ ਨੇਤਾਵਾਂ ਵਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ। ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਲੋਕ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਵੀ ਕਟਿਹਰੇ ਵਿਚ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰਣਜੀਤ ਸਿੰਘ ਕਮਿਸ਼ਨ ਵਲੋਂ ਸਰਕਾਰ ਨੂੰ ਇਸ ਬਾਬਤ ਰੀਪੋਰਟ ਸੌਪ ਦਿਤੀ ਹੈ ਤਾਂ ਫਿਰ ਦੋਸ਼ੀ ਮੰਨੇ ਜਾਂਦੇ ਬਾਦਲ ਪਰਵਾਰ ਨੂੰ ਕੈਪਟਨ ਵਲੋਂ ਰਾਹਤ ਕਿਉਂ ਦਿਤੀ ਜਾ ਰਹੀ ਹੈ । ਇਹ ਵੀ ਇਕ ਸਵਾਲੀਆਂ ਨਿਸ਼ਾਨ ਹਨ। 

ਲੇਕਿਨ ਦੇਖਿਆ ਜਾਏ ਤਾਂ ਚੋਣਾਂ ਨੂੰ ਲੈ ਕੇ ਇਕ ਦੂਜੇ 'ਤੇ ਦੂਸਣਬਾਜੀ ਕਰਨ ਵਾਲੀਆਂ ਸਮੁੱਚੀਆਂ ਪਾਰਟੀਆਂ ਨੇ ਮਾਲਵੇ ਨੂੰ ਅਪਣੀ ਰਣਭੂਮੀ ਬਣਾ ਰੱਖਿਆ ਹੈ। ਕਿਉਂਕਿ ਵਿਧਾਨ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਮਾਲਵਾ ਖੇਤਰ ਵਿਚ ਪੈਂਦੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਚਾਹੁਦੀਆਂ ਹਨ ਕਿ ਮਾਲਵੇ ਅੰਦਰ ਸਾਡਾ ਦਬਦਬਾ ਬਣਿਆ ਰਹੇ,  ਹੁਣ ਸਮਾਂ ਹੀ ਦਸੇਗਾ ਕਿ ਨਜ਼ਦੀਕ ਆ ਰਹੀਆਂ ਅਗਾਮੀ ਲੋਕ ਸਭਾ ਚੋਣਾਂ ਵਿਚ ਮਾਲਵੇ ਦੇ ਲੋਕ ਕਿਸ ਦੀ ਝੋਲੀ ਕਿੰਨੇ ਦਾਣੇ ਪਾਉਂਦੇ ਹਨ ।