ਪਾਇਲ ਹਸਪਤਾਲ 'ਚ ਡਾਕਟਰ ਨੇ ਸੇਵਾਮੁਕਤ ਐਸ.ਐਮ.ਓ. ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਵਲ ਹਸਪਤਾਲ ਪਾਇਲ 'ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਹਸਪਤਾਲ ਦੇ ਇਕ ਡਾਕਟਰ ਵਲੋਂ ਹੀ ਹਸਪਤਾਲ ਵਿਚ ਰੂਰਲ ਹੈਲਥ.......

Dr. Narinder Kumar

ਖੰਨਾ/ਪਾਇਲ : ਸਿਵਲ ਹਸਪਤਾਲ ਪਾਇਲ 'ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਹਸਪਤਾਲ ਦੇ ਇਕ ਡਾਕਟਰ ਵਲੋਂ ਹੀ ਹਸਪਤਾਲ ਵਿਚ ਰੂਰਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੇ ਸੇਵਾਮੁਕਤ ਐਸ.ਐਮ.ਓ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਕਥਿਤ ਤੌਰ 'ਤੇ ਕੁੱਟਮਾਰ ਦਾ ਸ਼ਿਕਾਰ ਹੋਏ ਸੇਵਾਮੁਕਤ ਐਸ.ਐਮ.ਓ ਡਾ. ਨਰਿੰਦਰ ਕੁਮਾਰ ਜੋ ਬੱਚਿਆਂ ਦੇ ਰੋਗਾਂ ਦੇ ਮਾਹਰ ਹਨ, ਨੇ ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਦਸਿਆ ਕਿ ਅੱਜ ਜਦੋਂ ਉਹ ਕਰੀਬ 12 ਵਜੇ ਇਕ ਲੈਬਾਰਟਰੀ ਦੀ ਪੜਤਾਲੀਆ ਰੀਪੋਰਟ ਜੋ ਇਕ ਗੁਪਤ ਰੀਪੋਰਟ ਸੀ, ਐਸ.ਐਮ.ਓ ਦੇ ਕਮਰੇ ਵਿਚ ਦੇਣ ਗਏ ਸਨ

ਤਾਂ ਉਸੇ ਵਕਤ ਉਥੇ ਡਾ. ਸਵਰਨਜੀਤ ਸਿੰਘ ਆ ਕੇ ਉਸੇ ਰੀਪੋਰਟ ਨੂੰ ਪੜਨ ਲੱਗਾ ਜੋ ਨਿਯਮਾਂ ਦੇ ਵਿਰੁਧ ਸੀ। ਉਨ੍ਹਾਂ ਕਿਹਾ ਕਿ ਮੈਂ ਉਸੇ ਵਕਤ ਉਹ ਰੀਪੋਰਟ ਡਾ. ਸਵਰਨਜੀਤ ਸਿੰਘ ਕੋਲੋਂ ਫੜ ਲਈ ਅਤੇ ਰੀਪੋਰਟ ਪੜ੍ਹਨਾ ਨਿਯਮਾਂ ਵਿਰੁਧ ਦੱਸਦੇ ਹੋਏ ਪੜਨ ਤੋਂ ਮਨ੍ਹਾ ਕਰ ਦਿਤਾ ਜਿਸ ਕਾਰਨ ਡਾ. ਸਵਰਨਜੀਤ ਸਿੰਘ ਭੜਕਦੇ ਹੋਏ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਮੇਰੇ ਮੂੰਹ 'ਤੇ ਮੁੱਕੇ ਮਾਰੇ ਅਤੇ ਗਾਲੀ ਗਲੋਚ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦਸਦੇ ਹੋਏ ਕਿਹਾ ਕਿ ਉਸ ਵਲੋਂ ਇਸ ਘਟਨਾ ਦੀ ਸਾਰੀ ਜਾਣਕਾਰੀ ਐਸ.ਐਮ.ਓ ਪਾਇਲ ਨੂੰ ਦੇ ਦਿਤੀ ਗਈ  ਹੈ।

ਐਸ.ਐਮ.ਓ ਵਲੋਂ ਡਾ. ਨਰਿੰਦਰ ਕੁਮਾਰ ਦਾ ਮੈਡੀਕਲ ਕਰਵਾਉਂਦੇ ਹੋਏ ਘਟਨਾ ਦੀ ਜਾਣਕਾਰੀ ਥਾਣਾ ਪਾਇਲ ਨੂੰ ਦੇ ਦਿਤੀ ਗਈ ਹੈ। ਜਦੋਂ ਇਸ ਸਬੰਧੀ ਐਸ.ਐਮ.ਓ ਪਾਇਲ ਡਾ. ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਹਸਪਤਾਲ ਸਟਾਫ਼ ਵਲੋਂ ਬੱਚੀਆਂ ਦੀ ਲੋਹੜੀ ਮਨਾਈ ਜਾ ਰਹੀ ਸੀ ਤਾਂ ਉਸੇ ਵਕਤ ਵਾਪਰੀ ਘਟਨਾ ਦੀ ਡਾ. ਨਰਿੰਦਰ ਕੁਮਾਰ ਵਲੋਂ ਸਾਰੀ ਜਾਣਕਾਰੀ ਦਿਤੀ ਗਈ। ਉਸ ਵਕਤ ਡਾ. ਨਰਿੰਦਰ ਦਾ ਮੈਡੀਕਲ ਕਰਵਾ ਕੇ ਥਾਣਾ ਪਾਇਲ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਮਲਾ ਸਿਵਲ ਸਰਜਨ ਲੁਧਿਆਣਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ।   

ਜਦੋ ਇਸ ਸਬੰਧੀ ਡਾ. ਸਵਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਅਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਕੁੱਝ ਕਿਸੇ ਸਾਜਸ਼ ਅਧੀਨ ਕੀਤਾ ਜਾ ਰਿਹਾ ਹੈ, ਮੇਰੇ 'ਤੇ ਲਾਏ ਦੋਸ਼ ਬੇਬੁਨਿਆਦ ਹਨ। ਮੈਂ ਕਿਸੇ ਨਾਲ ਕੋਈ ਗਾਲੀ ਗਲੋਚ ਜਾਂ ਕੋਈ ਮਾਰਕੁਟਾਈ ਨਹੀਂ ਕੀਤੀ। ਇਹ ਮੈਨੂੰ ਬਦਨਾਮ ਕਰਨ ਦੀ ਸਾਜਸ਼ ਹੈ। ਜਦੋਂ ਇਸ ਕੇਸ ਸਬੰਧੀ ਥਾਣਾ ਪਾਇਲ ਦੇ ਤਫ਼ਤੀਸ਼ੀ ਅਫ਼ਸਰ ਥਾਣੇਦਾਰ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

ਡਾ. ਸਵਰਨਜੀਤ ਸਿੰਘ ਬਾਰੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਪਣੇ ਤੋਂ ਸੀਨੀਅਰ 'ਤੇ ਹੱਥ ਚੁੱਕਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਇਸ ਡਾਕਟਰ ਵਿਰੁਧ ਸਿਹਤ ਮੰਤਰੀ ਤੇ ਸਿਵਲ ਸਰਜਨ ਨੂੰ ਕਾਰਵਾਈ ਕਰਨ ਲਈ ਆਖਿਆ ਗਿਆ ਹੈ।ਬਾਬਾ ਫੂਲੇ ਸ਼ਾਹ ਸੰਸਥਾ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ

ਕਿਹਾ ਕਿ ਗ਼ੈਰਜਿੰਮੇਦਾਰਾਨਾ ਹਰਕਤ ਕਰਨ ਵਾਲੇ ਅਤੇ ਅਪਣੇ ਤੋਂ ਸੀਨੀਅਰ 'ਤੇ ਹੱਥ ਚੱਕਣ ਵਾਲੇ ਡਾਕਟਰ ਵਿਰੁਧ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ। ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹਲਕਾ ਵਿਧਾਇਕ ਵਲੋਂ ਲੋਕਾਂ ਦੀ ਸ਼ਿਕਾਇਤ 'ਤੇ ਹਸਪਤਾਲ ਦੀ ਚੈਕਿੰਗ ਕੀਤੀ ਗਈ ਸੀ ਤਾਂ ਉਸ ਸਮਂੇ ਵੀ ਡਾ. ਸਵਰਨਜੀਤ ਸਿੰਘ ਗ਼ੈਰ ਹਾਜ਼ਰ ਪਾਏ ਗਏ ਸਨ।