ਅਜੇ ਵੀ ਸੌਦਾ ਸਾਧ ਵਿਰੁਧ ਬਾਦਲ ਅਤੇ ਸ਼੍ਰੋਮਣੀ ਕਮੇਟੀ ਦਾ ਮੂੰਹ ਬੰਦ ਕਿਉਂ? : ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਹਤਕ ਜੇਲ 'ਚ ਬੰਦ ਬਲਾਤਕਾਰੀ ਸੌਦਾ ਸਾਧ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਕੇਸ 'ਚ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ......

Bhai Majhi with HS Phoolka

ਕੋਟਕਪੂਰਾ  : ਰੋਹਤਕ ਜੇਲ 'ਚ ਬੰਦ ਬਲਾਤਕਾਰੀ ਸੌਦਾ ਸਾਧ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਕੇਸ 'ਚ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਰਾਮਚੰਦਰ ਦੇ ਬੇਟੇ ਅੰਸ਼ੁਲ ਛਤਰਪਤੀ, ਖੱਟਾ ਸਿੰਘ, ਗੁਰਦਾਸ ਸਿੰਘ ਤੂਰ ਸਮੇਤ ਸਮੂਹ ਗਵਾਹਾਂ ਅਤੇ ਵਕੀਲਾਂ ਦੀ ਹਿੰਮਤ ਅਤੇ ਦਲੇਰੀ ਨੂੰ ਸਲਾਮ ਕੀਤਾ ਹੈ, ਜਿਨ੍ਹਾਂ ਨੇ ਅਜਿਹੇ ਖੂੰਖਾਰ ਅਤੇ ਤਾਕਤਵਰ ਦੁਰਾਚਾਰੀ ਵਿਰੁਧ ਲੰਮਾ ਸਮਾਂ ਡੱਟ ਲੜਾਈ ਲੜੀ ਹੈ। 

ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨ ਮੰਗਿਆਂ ਦਿਤੀ ਮਾਫ਼ੀ ਦਾ ਸਿੱਖ ਸੰਗਤ ਨੇ ਡੱਟ ਕੇ ਵਿਰੋਧ ਕੀਤਾ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਝੂਠੇ ਅਤੇ ਸਿਧਾਂਤ ਵਿਰੋਧੀ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਗੁਰੂ ਕੀ ਗੋਲਕ ਵਿਚੋਂ 91 ਲੱਖ ਰੁਪਏ ਦੇ ਇਸ਼ਤਿਹਾਰ ਮੀਡੀਆ ਨੂੰ ਦਿਤੇ ਸਨ। ਇਸ ਦੇ ਬਾਵਜੂਦ ਵੀ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੇ ਇਸ ਕੂੜਨਾਮੇ ਨੂੰ ਰੱਦ ਕੀਤਾ ਹੈ। ਭਾਈ ਮਾਝੀ ਨੇ ਪੁਛਿਆ ਕਿ ਬਾਦਲਾਂ ਦੇ ਪ੍ਰਬੰਧ ਅਧੀਨ ਚਲ ਰਹੀ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਕੀ ਗੋਲਕ ਦੇ ਨਾਜਾਇਜ਼ ਵਰਤੇ ਗਏ 91 ਲੱਖ ਰੁਪਏ ਦੀ ਭਰਪਾਈ ਹੁਣ ਕੌਣ ਕਰੇਗਾ?

ਉਨ੍ਹਾਂ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਦਅਬੀ ਦੇ ਮਾਸਟਰ ਮਾਈਂਡ ਸੌਦਾ ਸਾਧ ਵਿਰੁਧ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਅਜੇ ਤਕ ਵੀ ਅਪਣਾ ਮੂੰਹ ਕਿਉਂ ਨਹੀਂ ਖੋਲ੍ਹਿਆ? ਉਨ੍ਹਾਂ ਦਾਅਵਾ ਕੀਤਾ ਕਿ ਸ. ਫੂਲਕਾ ਵੱਡੇ-ਵੱਡੇ ਅਹੁਦਿਆਂ ਨੂੰ ਠੁਕਰਾ ਕੇ ਨਿਡਰਤਾ ਨਾਲ ਨਿਰਸੁਆਰਥ ਹੋ ਕੇ ਲੰਮੇ ਸਮੇਂ ਤੋਂ ਪੰਥਦੋਖੀਆਂ ਵਿਰੁਧ ਲੜ ਰਹੇ ਹਨ, ਬੇਦਾਗ਼ ਅਤੇ ਪੜ੍ਹੇ-ਲਿਖੇ ਸਰਬੱਤ ਦਾ ਭਲਾ ਲੋਚਣ ਵਾਲੇ ਵਿਅਕਤੀ ਹਨ।