ਗੁਰਬਾਣੀ 'ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਕ ਜਤਾਉਣਾ ਬੇਅਦਬੀ ਦੇ ਬਰਾਬਰ : ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਗੁਰਬਾਣੀ 'ਤੇ ਕਿਸੇ ਕੰਪਨੀ ਵਿਸ਼ੇਸ਼ ਦਾ ਏਕਾਧਿਕਾਰ ਖ਼ਤਮ ਕਰਵਾਉਣ ਦੀ ਮੰਗ

file photo

ਚੰਡੀਗੜ੍ਹ : ਸਰਬ ਸਾਂਝੀਵਾਲਤਾ ਦੇ ਧੁਰੇ ਸ੍ਰੀ ਦਰਬਾਰ ਸਾਹਿਬ 'ਚ ਹੋ ਰਹੇ ਗੁਰਬਾਣੀ ਕੀਰਤਨ ਉਪਰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਕੰਪਨੀ ਵਲੋਂ ਅਪਣਾ ਕਬਜ਼ਾ ਦਰਸਾਉਣਾ ਪਵਿੱਤਰ ਗੁਰਬਾਣੀ ਦੀ ਬੇਅਦਬੀ ਕਰਨ ਦੇ ਬਰਾਬਰ ਦਾ ਅਪਰਾਧ ਹੈ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੌਮ 'ਤੇ ਅਮਰਵੇਲ ਬਣ ਕੇ ਛਾਏ ਹੋਏ ਇਕ ਪਰਵਾਰ ਨੇ ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ, ਅਕਾਲ ਤਖ਼ਤ ਸਾਹਿਬ, ਐਸਜੀਪੀਸੀ ਸਮੇਤ ਸਭ ਮਹਾਨ ਸੰਸਥਵਾਂ ਦੇ ਮਾਣ ਸਤਿਕਾਰ ਨੂੰ ਡੂੰਘੀ ਢਾਅ ਲਾਈ ਹੈ। ਸੰਧਵਾਂ ਨੇ ਕਿਹਾ ਕਿ ਬਾਦਲ ਪਰਵਾਰ ਦੀ ਮਲਕੀਅਤ ਵਾਲੇ ਪੀਟੀਸੀ ਚੈਨਲ ਵਲੋਂ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਨੂੰ ਅਪਣੀ ਮੁੱਲ ਦੀ ਲਈ ਹੋਈ ਵਸਤੂ ਦਰਸਾਉਣ ਦੇ ਕਾਰਜ ਨੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਅਪੀਲ ਕੀਤੀ ਕਿ ਐਕਸ਼ਨ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਪਵਿੱਤਰ ਗੁਰਬਾਣੀ 'ਤੇ ਕਿਸੇ ਕੰਪਨੀ ਵਿਸ਼ੇਸ਼ ਦਾ ਏਕਾਧਿਕਾਰ ਖ਼ਤਮ ਕਰਵਾਉਣ ਦੇ ਨਾਲ ਨਾਲ ਗੁਰਬਾਣੀ ਸ਼ਬਦ ਨੂੰ ਦੁਨੀਆ ਦੇ ਕੋਨੇ ਕੋਨੇ 'ਚ ਪਹੁੰਚਾਉਣ ਦੇ ਕਾਰਜ 'ਤੇ ਲਗਾਈ ਪਾਬੰਦੀ ਖਿਲਾਫ਼ ਕਦਮ ਚੁੱਕੇ।

ਵਿਧਾਇਕ ਸੰਧਵਾਂ ਨੇ ਕਿਹਾ ਕਿ ਆਮ ਸਿੱਖਾਂ ਪਾਸੋਂ ਇਲਾਹੀ ਬਾਣੀ ਸਰਵਣ ਕਰਨ ਦਾ ਹੱਕ ਵੀ ਖੋਹ ਲਿਆ ਗਿਆ ਹੈ ਜੋ ਕਿ ਗੁਰਬਾਣੀ ਦੀ ਘੋਰ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਝੌਤੇ ਕਰਨ ਅਤੇ ਕਰਵਾਉਣ ਵਾਲੇ ਸਿਆਸੀ ਅਕਾਵਾਂ, ਕਮੇਟੀ ਪ੍ਰਧਾਨਾਂ, ਅਹੁਦੇਦਾਰਾਂ ਤੇ ਮੈਂਬਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏ ਅਤੇ ਨਾਲ ਹੀ ਐਸਜੀਪੀਸੀ ਦਾ ਪ੍ਰਬੰਧ ਇਸ ਜੁੰਡਲੀ ਤੋਂ ਮੁਕਤ ਕਰਵਾ ਕੇ ਯੋਗ ਹੱਥਾਂ 'ਚ ਸੌਂਪਣ ਲਈ ਲਾਮਬੰਦ ਹੋਇਆ ਜਾਵੇ।

ਜ਼ਿਕਰਯੋਗ ਹੈ ਕਿ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਪ੍ਰਸਾਰਿਤ ਹੁੰਦੇ ਸ਼ਬਦ ਕੀਰਤਨ ਅਤੇ ਹੁਕਮਨਾਮੇ ਨੂੰ ਵਪਾਰੀ ਬਿਰਤੀ ਵਾਲੇ ਲੋਕਾਂ ਨੇ ਅਪਣੇ ਨਾਮ ਕਰਵਾਉਣ ਦੀ ਕੋਝੀ ਕਾਰਵਾਈ ਕੀਤੀ ਗਈ ਹੈ। ਦੋ ਦਹਾਕਿਆਂ ਤੋਂ ਸਿੱਖ ਕੌਮ ਨੂੰ ਲਗਾਤਾਰ ਧੋਖਾ ਦਿੰਦੇ ਆ ਰਹੇ ਵਪਾਰੀ ਕਿਸਮ ਦੇ ਲੋਕਾਂ ਨੇ ਹੁਣ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਅਪਣੇ ਕਥਿਤ ਕਾਪੀਰਾਈਟ ਦਾ ਦਾਅਵਾ ਕਰ ਦਿਤਾ ਹੈ ਅਤੇ ਜਿਹੜੀਆਂ ਸਿੱਖ ਸੰਸਥਾਵਾਂ ਉਸ ਪਾਵਨ ਹੁਕਮਨਾਮੇ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸਰਵਣ ਕਰਦੀਆਂ ਉਨ੍ਹਾਂ ਸਾਰੇ ਇੰਟਰਨੈੱਟ ਅਦਾਰਿਆਂ ਨੂੰ ਮਾਨਹਾਨੀ ਦੇ ਨੋਟਿਸ ਭੇਜ ਦਿਤੇ ਗਏ ਹਨ।