''ਚਾਪਲੂਸ ਲੋਕ ਸੁਖਬੀਰ ਦੀ ਕੁਰਸੀ ਬਚਾਉਣ ਵਿਚ ਲੱਗੇ''

ਏਜੰਸੀ

ਖ਼ਬਰਾਂ, ਪੰਜਾਬ

ਇਲਜ਼ਾਮ ਪੱਤਰ ਮਿਲਣ 'ਤੇ ਤੱਥਾਂ ਸਹਿਤ ਜਵਾਬ ਦੇਵਾਂਗੇ : ਪਰਮਿੰਦਰ ਸਿੰਘ ਢੀਂਡਸਾ  

File Photo

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਲੋਂ ਮੈਨੂੰ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਨੋਟਿਸ ਜਾਰੀ ਕਰਨਾ ਹੀ ਉਨ੍ਹਾਂ ਦੇ 'ਸਿਧਾਂਤਕ ਸਟੈਡ' ਦੀ ਪਹਿਲੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਕੁੱਝ ਇਕ ਚਾਪਲੂਸ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਬਚਾਉਣ ਵਿਚ ਲੱਗੇ ਹੋਏ ਹਨ ਜਦਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕੀਤੀ ਹੈ।

ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਗਾਤਾਰ ਮੰਗ ਉਠਾਈ ਜਾ ਰਹੀ ਸੀ ਕਿ ਪਾਰਟੀ ਦੇ ਅੰਦਰ ਸਿਧਾਂਤਕ ਵਿਵਸਥਾ ਲਾਗੂ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਅਤੇ ਰਵਾਇਤਾਂ ਦੀ ਗੱਲ ਕਰਨ ਵਾਲਿਆਂ ਨੂੰ ਪਾਰਟੀ ਨੋਟਿਸ ਜਾਰੀ ਕਰਨ ਲਈ ਮਜਬੂਰ ਹੋਈ ਹੈ। ਉਨ੍ਹਾਂ ਕਿਹਾ ਕਿ ਜਦਕਿ ਅਕਾਲੀ ਦਲ ਇਸ ਤੋਂ ਪਹਿਲਾਂ ਕਈ ਨੇਤਾਵਾਂ ਨੂੰ ਸਿੱਧੇ ਹੀ ਪਾਰਟੀ ਵਲੋਂ ਬਾਹਰ ਕਰ ਦਿਤਾ ਜਾਂਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਤਹਾਸ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਨੂੰ ਨੋਟਿਸ ਜਾਰੀ ਕਰ ਕੇ ਤੈਅ ਸਮਾਂ ਦੇ ਅੰਦਰ ਜਵਾਬ ਮੰਗਿਆ ਜਾ ਰਿਹਾ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਦੇ ਤਮਾਮ ਪਹਿਲੂਆਂ ਨੂੰ ਪੰਜਾਬ ਦੀ ਜਨਤਾ ਦੇ ਸਨਮੁਖ ਰਖਿਆ ਜਾਵੇਗਾ ਅਤੇ ਜਨਤਾ ਹੀ ਇਸ ਦਾ ਫ਼ੈਸਲਾ ਕਰੇਗੀ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਉਸ ਦੀਆਂ ਪਰੰਪਰਾਵਾਂ ਅਤੇ ਸਿਧਾਤਾਂ ਨਾਲ ਜੋੜਨ ਨੂੰ ਰਫ਼ਤਾਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ।

ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਲਜ਼ਾਮ ਪੱਤਰ ਜਾਰੀ ਕਰਨ ਦੇ ਫ਼ੈਸਲੇ ਤੋਂ ਸਪਸ਼ਟ ਹੋ ਗਿਆ ਹੈ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ  ਢੀਂਡਸਾ ਦਾ ਸਟੈਂਡ ਬਿਲਕੁੱਲ ਦਰੁਸਤ ਹੈ। ਸੌ ਸਾਲ ਪਹਿਲਾਂ ਹੋਂਦ ਵਿਚ ਆਏ ਅਕਾਲੀ ਦਲ ਦੇ ਸਿਧਾਤਾਂ ਉਪਰ ਡਟ ਕੇ ਪਹਿਰਾ  ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਭੇਜਿਆ ਨੋਟਿਸ ਪ੍ਰਾਪਤ ਹੋਣ ਉਪਰੰਤ ਤੱਥਾਂ ਸਹਿਤ ਜਵਾਬ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਤੌਰ ਉਪਰ ਸੀਨੀਅਰ ਢੀਂਡਸਾ ਅਤੇ ਉਹ ਅਪਣੇ ਆਪ ਮੁੱਦਿਆਂ ਨੂੰ ਚੁੱਕ ਕੇ ਪਾਰਟੀ ਨੂੰ ਮਜਬੂਤ ਕਰਨ ਦੀ ਗੱਲ ਲੋਕਾਂ ਸਾਹਮਣੇ ਰੱਖ ਰਹੇ ਹਨ।