ਮੁਅੱਤਲ ਕਰਨ ਵਾਲੇ ਦੱਸਣ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ? : ਬੀਬੀ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਬੀ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦੇ ਬਰਾਬਰ ਹੈ।

Photo

ਸੰਗਰੁਰ (ਟਿੰਕਾ ਆਨੰਦ, ਗੁਰਦਰਸ਼ਨ ਸਿੰਘ ਸਿੱਧੂ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਅੱਤਲ ਕਰਨ ਵਾਲੇ ਵਿਅਕਤੀ ਦਸਣ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ ਅਤੇ ਪਾਰਟੀ ਨੂੰ ਕੀ ਦੇਣ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਸ. ਢੀਂਡਸਾ ਨੂੰ ਮੁਅੱਤਲ ਕਰਨ ਸਬੰਧੀ ਲਏ ਗਏ ਫ਼ੈਸਲੇ 'ਤੇ ਸਵਾਲ ਉਠਾਉਂਦਿਆਂ ਕੀਤਾ।

ਬੀਬੀ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦੇ ਬਰਾਬਰ ਹੈ। ਉਨ੍ਹਾਂ ਮੌਜੂਦਾ ਲੀਡਰਸ਼ਿਪ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਅੱਜ ਢੀਂਡਸਾ ਪਰਵਾਰ ਨੂੰ ਮੁਅੱਤਲ ਕਰਨ ਦੀ ਗੱਲ ਕਰ ਰਹੇ ਹਨ, ਅਸਲ ਵਿਚ ਜਨਤਾ ਨੇ ਉਨ੍ਹਾਂ ਨੂੰ ਪਹਿਲਾ ਹੀ ਨਕਾਰ ਦਿਤਾ ਹੈ।

ਸਿੱਖ ਸੰਗਤ ਅਤੇ ਨਾਨਕ ਨਾਮ ਲੇਵਾ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਇਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਸ. ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ ਕੱਟੀ ਹੈ।

ਜਦੋਂ ਉਹ ਪਹਿਲੀ ਵਾਰ ਜੇਲ ਗਏ ਸਨ, ਉਦੋਂ ਪਰਮਿੰਦਰ ਸਿੰਘ ਢੀਂਡਸਾ ਦਾ ਜਨਮ ਨਹੀਂ ਹੋਇਆ ਸੀ। ਜਦੋਂ ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਭਲੇ ਤੇ ਲੋਕ ਹਿੱਤਾਂ ਲਈ ਦੂਜੀ ਵਾਰ ਜੇਲ ਗਏ, ਉਸ ਵੇਲੇ ਪਰਮਿੰਦਰ ਸਿਰਫ ਦੋ ਸਾਲ ਦਾ ਸੀ ਅਤੇ ਉਹ ਆਪਣੇ ਤਾਏ ਨਾਲ ਉਸ ਦੇ ਮੋਢੇ 'ਤੇ ਬੈਠ ਕੇ ਆਪਣੇ ਪਿਤਾ ਨੂੰ ਮਿਲਣ ਜੇਲ੍ਹ ਗਿਆ ਸੀ।