ਕੈਬਨਿਟ ਮੰਤਰੀ ਧਰਮਸੋਤ ਦਾ ਦਾਅਵਾ, ਖੇਤੀ ਕਾਨੂੰਨ ਰੱਦ ਹੋਣ ’ਤੇ ਮੋਦੀ ਦੇ ਹੱਕ ’ਚ ਤਾੜੀਆਂ ਵਜਾਵਾਂਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਿਸਾਨਾਂ ਨੂੰ ਅਡਾਨੀਆਂ, ਅਬਾਨੀਆਂ ਦਾ ਨੌਕਰ ਬਣਾਉਣ ਤੇ ਤੁਲੀ ਕੇਂਦਰ ਸਰਕਾਰ

Sadhu Singh Dharamsot

ਚੰਡੀਗੜ੍ਹ (ਲੋਕੇਸ਼ ਤਿ੍ਰਖਾ) : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਵਿਸ਼ਵ ਭਰ ਦੇ ਆਗੂ ਅਪਣੀ ਚਿੰਤਾ ਜਿਤਾ ਚੁਕੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਜੇ ਤਕ ਇਸ ਬਾਰੇ ਇਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ ਗਿਆ। ਦੂਜੇ ਪਾਸੇ ਅਮਰੀਕਾ ਵਿਚ ਵਾਪਰੇ ਘਟਨਾਕ੍ਰਮ ਤੋਂ ਇਲਾਵਾ ਹੋਰ ਹਰ ਛੋਟੀ ਵੱਡੀ ਘਟਨਾ ’ਤੇ ਉਹ ਝੱਟ ਟਵੀਟ ਕਰ ਦਿੰਦੇ ਹਨ। ਕਿਸਾਨੀ ਸੰਘਰਸ਼ ਅਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਆ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਪੱਤਰਕਾਰ ਲੋਕੇਸ਼ ਤਿ੍ਰਖਾ ਨੇ ਵਿਸ਼ੇਸ਼ ਗੱਲਬਾਤ ਕੀਤੀ। 

ਸਰਕਾਰ ਜਾਂ ਕਿਸਾਨਾਂ ਦੀ ਜਿੱਤ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਕੈਬਨਿਟ ਮੰੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਦੇਸ਼ ਨੂੰ ਉਸ ਸਮੇਂ ਅੰਨ ਵਜੋਂ ਆਤਮ ਨਿਰਭਰ ਬਣਾਇਆ ਜਦੋਂ ਦੇਸ਼ ਅੰਨ ਦੇ ਦਾਣੇ ਦਾਣੇ ਲਈ ਬਾਹਰਲੇ ਮੁਲਕਾਂ ਅੱਗੇ ਹੱਥ ਅੱਡਣ ਲਈ ਮਜਬੂਰ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ 70 ਫ਼ੀ ਸਦੀ ਲੋਕਾਂ ਦਾ ਢਿੱਲ ਇਕੱਲੇ ਪੰਜਾਬ ਦੇ ਕਿਸਾਨਾਂ ਨੇ ਭਰਿਆ। ਇੱਥੋਂ ਤਕ ਕਿ ਪੰਜਾਬ ਦੇ ਕਿਸਾਨਾਂ ਨੇ ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿਚ ਜਾ ਕੇ ਕਿਸਾਨਾਂ ਨੂੰ ਖੇਤੀ ਕਰਨਾ ਸਿਖਾਇਆ ਪਰ ਅੱਜ ਜਦੋਂ ਦੇਸ਼ ਅੰਨ ਦੇ ਮਾਮਲੇ ’ਚ ਆਤਮ ਨਿਰਭਰ ਹੋ ਗਿਆ ਹੈ ਤਾਂ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਤਿਆਰ ਨਹੀਂ। 

ਕੇਂਦਰ ਸਰਕਾਰ ਵਲੋਂ ਵਿਰੋਧੀ ਪਾਰਟੀਆਂ ਵਲੋਂ ਗੁੰਮਰਾਹ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਖੇਤੀ ਕਾਨੂੰਨਾ ਚਾਹੰੁਦੇ ਹੀ ਨਹੀਂ ਤਾਂ ਫਿਰ ਸਰਕਾਰ ਇਹ ਕਾਨੂੰਨ ਕਿਸਾਨਾਂ ’ਤੇ ਧੱਕੇ ਨਾਲ ਕਿਉਂ ਥੋਪ ਰਹੀ ਹੈ। ਅੱਜ ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਬਣ ਚੁੱਕਾ ਹੈ। ਹਰਿਆਣਾ ਦੇ ਕਿਸਾਨਾਂ ਨੇ ਅਪਣੇ ਵੱਡੇ ਭਰਾ ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ’ਚ ਮਜ਼ਦੂਰ, ਆੜਤੀ ਅਤੇ ਟਰਾਂਸਪੋਰਟ ਸਮੇਤ ਹਰ ਵਰਗ ਦਾ ਸਾਥ ਮਿਲ ਰਿਹਾ ਹੈ, ਪਰ ਮੋਦੀ ਸਰਕਾਰ ਕੇਵਲ ਅਡਾਨੀ ਅਤੇ ਅਬਾਨੀ ਬਾਰੇ ਸੋਚ ਰਹੀ ਹੈ। 

ਪ੍ਰਧਾਨ ਮੰਤਰੀ ’ਤੇ ਹੰਕਾਰੀ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਰਾਵਣ ਵਰਗਿਆਂ ਨੂੰ ਹੰਕਾਰ ਲੈ ਬੈਠਾ ਸੀ ਤਾਂ ਮੋਦੀ ਸਾਹਿਬ ਕਿਸ ਬਾਗ ਦੀ ਮੂਲੀ ਹਨ। ਉਨ੍ਹਾਂ ਹਨ ਕਿ ਪ੍ਰਧਾਨ ਮੰਤਰੀ ਖੁਦ ਨੂੰ ਚਾਹ ਵਾਲੇ ਦਾ ਬੱਚਾ ਕਹਿੰਦੇ ਸਨ, ਪਰ ਅੱਜ ਉਹ ਹਰ ਤਬਕੇ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪ੍ਰਮਾਤਮਾ ਨੇ ਸ਼ੋਹਰਤ ਦਿਤੀ ਸੀ ਪਰ ਉਹ ਇਸ ਦੀ ਦੁਰਵਰਤੋਂ ਕਰਦਿਆਂ ਦੁਨੀਆਂ ਨੂੰ ਤੰਗ ਕਰ ਰਹੇ ਹਨ। ਸੱਤਾਧਾਰੀ ਧਿਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਸੂਰਤ ਵਿਚ ਧਾਰਾ 370 ਸਮੇਤ ਦੂਜੇ ਲੋਕਾਂ ਵਲੋਂ ਵੀ ਉਠ ਖੜ੍ਹਣ ਦੇ ਸੰਕੇ ਬਾਬਤ ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ, ਉਹ ਹੋਰ ਮਸਲੇ ਹਨ, ਪਰ ਇਹ ਮਸਲਾ ਅੰਨਦਾਤੇ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਅੱਗੇ ਹਰ ਵਰਗ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹੀ ਅਡਾਨੀਆਂ ਅਬਾਨੀਆਂ ਦਾ ਨੌਕਰ ਬਣਾਉਣ ’ਤੇ ਤੁਲੀ ਹੋਈ ਹੈ। ਮੋਦੀ ਸਰਕਾਰ ਵਲੋਂ ਕਾਨੂੰਨ ਰੱਦ ਕਰ ਦੇਣ ’ਤੇ ਕਾਂਗਰਸ ਦੇ ਰਵੱਈਆ ਬਾਬਤ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਉਹ ਖੁਦ ਤਾੜੀਆਂ ਮਾਰ ਕੇ ਇਸ ਦਾ ਸਵਾਗਤ ਕਰਾਂਗੇ ਅਤੇ ਮੋਦੀ ਦਾ ਝੰਡਾ ਬੁਲੰਦ ਕਰਾਂਗੇ। ਅਪਣਿਆਂ ਦੇ ਨਰਾਜ਼ ਹੋਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨਹੀਂ ਅਜਿਹਾ ਨਹੀਂ ਹੋਵੇਗਾ, ਕਿਉਂਕਿ ਸਾਡੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਾਂ ਕਿਸਾਨਾਂ ਦੇ ਮਸਲੇ ਲਈ ਖੁਦ ਤਿੰਨ ਦਿਨ ਪੰਜਾਬ ਅੰਦਰ ਰਹਿ ਕੇ ਮੰਗ ਕਰ ਚੁੱਕੇ ਹਨ।     

https://www.facebook.com/watch/live/?v=228790782296057&ref=watch_permalink