ਸੁਪ੍ਰੀਮ ਕੋਰਟ ਨੇ ਕਿਸਾਨੀ ਅੰਦੋਲਨ ਨੂੰ ਪਾਕਿਸਤਾਨੀ ਤੇ ਚੀਨੀ ਦਸਣ ਵਾਲਿਆਂ ਦੀਆਂ ਖੋਲ੍ਹੀਆਂ ਅੱਖਾਂ

ਏਜੰਸੀ

ਖ਼ਬਰਾਂ, ਪੰਜਾਬ

ਸੁਪ੍ਰੀਮ ਕੋਰਟ ਨੇ ਕਿਸਾਨੀ ਅੰਦੋਲਨ ਨੂੰ ਪਾਕਿਸਤਾਨੀ ਤੇ ਚੀਨੀ ਦਸਣ ਵਾਲਿਆਂ ਦੀਆਂ ਖੋਲ੍ਹੀਆਂ ਅੱਖਾਂ

image

ਨਵੀਂ ਦਿੱਲੀ, 12 ਜਨਵਰੀ (ਸੁਖਰਾਜ ਸਿੰਘ): ਸੁਪਰੀਮ ਕੋਰਟ ਵਲੋਂ ਅੱਜ ਕਿਸਾਨਾਂ ਦੇ ਹੱਕ ਵਿਚ ਦਿਤੇ ਹੁਕਮਾਂ ਨਾਲ ਕਿਸਾਨ ਅੰਦੋਲਨ ਨੂੰ ਪਾਕਿਸਤਾਨੀ ਤੇ ਚੀਨ ਦੀ ਹਮਾਇਤ ਪ੍ਰਾਪਤ ਦਸਣ ਵਾਲਿਆਂ ਦੀਆਂ ਅੱਖਾਂ ਖੁਲ੍ਹ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਸਪਸ਼ਟ ਆਖ ਦਿਤਾ ਹੈ ਕਿ ਕਿਸਾਨਾਂ ਨੂੰ ਧਰਨਾ ਜਾਰੀ ਰੱਖਣ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਫ਼ੈਸਲੇ ਨਾਲ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਬੋਲਤੀ ਬੰਦ ਹੋ ਜਾਵੇਗੀ। 
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਤਾਂ ਇਹ ਵੀ ਆਖ ਦਿਤਾ ਹੈ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨੀ ਮਸਲਾ ਹੱਲ ਨਹੀਂ ਕਰ ਰਹੀ। ਸ. ਸਿਰਸਾ ਨੇ ਕਿਹਾ ਕਿ ਇਸ ਸੰਕਟ ਦਾ ਇਕੋ ਇਕ ਹੱਲ ਤਿੰਨ ਕਾਲੇ ਕਾਨੂੰਨ ਰੱਦ ਕਰਨਾ ਹੈ ਤੇ ਜਿੰਨਾ ਛੇਤੀ ਸਰਕਾਰ ਇਹ ਸਮਝ ਕੇ ਕਾਨੂੰਨ ਰੱਦ ਕਰ ਦੇਵੇਗੀ ਤਾਂ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੰਘਰਸ਼ ਨੂੰ ਸਿਰਫ਼ ਪੰਜਾਬ ਦਾ ਦਸਿਆ ਜਾ ਰਿਹਾ ਸੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਕਿਸਾਨ ਅੰਦੋਲਨ ਵਿਚ ਨਾ ਹੋਣ ਦੇ ਵੱਡੇ-ਵੱਡੇ ਦਾਅਵੇ ਵੀ ਕੀਤੇ ਸੀ ਪਰ ਹੁਣ ਖ਼ੁਦ ਸਾਰਾ ਦੇਸ਼ ਵੇਖ ਰਿਹਾ ਹੈ ਕਿ ਹਰਿਆਣਾ ਦੇ ਕਿਸਾਨ ਕਿਸ ਤਰੀਕੇ ਮੁੱਖ ਮੰਤਰੀ ਵਿਰੁਧ ਹੋ ਗਏ ਹਨ। ਸ. ਸਿਰਸਾ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਜਿਸ ਦੇ ਸੰਘਰਸ਼ ਨੂੰ ਪੂਰੀ ਦੁਨੀਆਂ ਦੇ ਲੋਕਾਂ ਨੇ ਵੇਖਿਆ ਹੈ ਤੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸੁਪਰੀਮ ਕੋਰਟ ਦੀ ਹਮਾਇਤ ਮਗਰੋਂ ਆਸ ਹੈ ਕਿ ਸਰਕਾਰ ਜਲਦੀ ਹੀ ਅਪਣੀ ਜ਼ਿੰਮੇਵਾਰੀ ਸਮਝੇਗੀ ਤੇ ਕਿਸਾਨਾਂ ਦੀ ਇੱਛਾ ਮੁਤਾਬਕ ਕਾਨੂੰਨ ਰੱਦ ਕਰ ਦੇਵੇਗੀ।