ਪੰਥਕ ਅਕਾਲੀ ਸਿਆਸਤ ਦਾ ਕੇਂਦਰ ਰਹੇ ਟਕਸਾਲੀ ਪਰਿਵਾਰਾਂ 'ਚ BJP ਦੀ ਸੰਨ੍ਹ

ਏਜੰਸੀ

ਖ਼ਬਰਾਂ, ਪੰਜਾਬ

ਪਹਿਲਾਂ ਢੀਂਡਸਾ ਫਿਰ ਤਲਵੰਡੀ ਅਤੇ ਹੁਣ ਟੌਹੜਾ ਪਰਿਵਾਰ ਨੂੰ ਬਣਾਇਆ ਪਾਰਟੀ ਦਾ ਹਿੱਸਾ 

BJP's stronghold in classic families that have been center of Panthic Akali politics

ਹੁਣ ਭਾਜਪਾ ਦੀ ਨਜ਼ਰ ਬਰਨਾਲਾ ਪਰਿਵਾਰ 'ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਪਰਿਵਾਰ ਦੀ ਬਜਾਇ ਪ੍ਰਕਾਸ਼ ਚੰਦ ਨੂੰ ਚੋਣ ਮੈਦਾਨ 'ਚ ਉਤਾਰਿਆ 

ਚੰਡੀਗੜ੍ਹ : ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਸਿਆਸਤ ਵਿਚ ਆਈ ਭਾਜਪਾ ਲਈ ਦੋ ਵੱਡੀਆਂ ਚੁਣੌਤੀਆਂ ਸਨ, ਇੱਕ ਸਿੱਖ ਵੋਟ ਬੈਂਕ ਨੂੰ ਢਾਹ ਲਾਉਣਾ ਅਤੇ ਦੂਜਾ ਸਿੱਖ ਚਿਹਰਿਆਂ ਨੂੰ ਲੱਭਣਾ। ਇਸ ਲਈ ਭਾਜਪਾ ਨੇ ਪੰਥਕ ਅਕਾਲੀ ਸਿਆਸਤ ਦਾ ਕੇਂਦਰ ਰਹੇ ਤਿੰਨ ਸਭ ਤੋਂ ਪੁਰਾਣੇ ਟਕਸਾਲੀ ਅਤੇ ਪ੍ਰਭਾਵਸ਼ਾਲੀ ਪਰਿਵਾਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ।

ਮੰਗਲਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਸੂਬਾ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਟੋਹੜਾ ਪਰਿਵਾਰ ਨੂੰ ਪਾਰਟੀ ਨਾਲ ਜੋੜਿਆ ਅਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ। ਦੱਸਣਯੋਗ ਹੈ ਕਿ ਇਹ ਤੀਜਾ ਅਕਾਲੀ ਟਕਸਾਲੀ ਹੈ ਜਿਹੜਾ ਭਾਜਪਾ ਨਾਲ ਜੁੜਿਆ ਹੋਇਆ ਹੈ।

ਇਸ ਤੋਂ ਪਹਿਲਾਂ ਜਥੇਦਾਰ ਜਗਦੇਵ ਤਲਵੰਡੀ ਅਤੇ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨੂੰ ਅਕਾਲੀ ਦਲ ਨਾਲ ਗਠਜੋੜ ਕਰਕੇ - ਭਾਜਪਾ ਆਸਿੱਧੇ ਤੌਰ 'ਤੇ ਪਾਰਟੀ ਨਾਲ ਜੋੜ ਚੁੱਕੀ ਹੈ। ਸੂਬੇ ਦੀ ਸਿਆਸਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਿੰਦੂ ਸਿਆਸੀ ਪਾਰਟੀ ਨੇ ਪੰਥਕ ਅਕਾਲੀ ਸਿਆਸਤ ਦਾ ਕੇਂਦਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਜੋੜਿਆ ਹੈ। 

ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਨਜ਼ਰ ਸਾਬਕਾ ਸੀਐਮ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ 'ਤੇ ਹੈ ਕਿਉਂਕਿ ਧੂਰੀ ਤੋਂ ਅਕਾਲੀ ਸੀਪੀਐਸ ਰਹੇ ਪ੍ਰਕਾਸ਼ ਚੰਦ ਗਰਗ ਨੂੰ ਉਤਾਰਿਆ ਹੈ ਜਦਕਿ ਗਗਨਜੀਤ ਬਰਨਾਲਾ ਧੂਰੀ ਤੋਂ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਸਿਮਰਜੀਤ ਸਿੰਘ ਬਰਨਾਲਾਵੀ 2015 ਵਿੱਚ ਧੂਰੀ ਦੀਆਂ ਉਪ ਚੋਣਾਂ ਲੜ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੰਗਰੂਰ ਤੋਂ ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਅਰਵਿੰਦ ਖੰਨਾ, ਲੁਧਿਆਣਾ ਦੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਅਤੇ ਟੋਹੜਾ ਪਰਿਵਾਰ ਦੇ ਕੰਵਰਵੀਰ ਟੌਹੜਾ ਸਮੇਤ ਕਈ ਆਗੂਆਂ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਮਨਜਿੰਦਰ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਮੌਜੂਦਗੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ।

ਅਰਵਿੰਦ ਖੰਨਾ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਖੰਨਾ ਨੇ ਸਰਗਰਮ ਸਿਆਸਤ ਤੋਂ ਦੂਰੀ ਬਣਾ ਲਈ ਸੀ। ਕੰਵਰਵੀਰ ਟੌਹੜਾ ਦੇ ਨਾਨਾ  ਗੁਰਚਰਨ ਸਿੰਘ ਟੌਹੜਾ ਕਈ ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਹੇ ਸਨ। ਲੁਧਿਆਣਾ ਤੋਂ ਭਾਜਪਾ 'ਚ ਸ਼ਾਮਲ ਹੋਏ ਗੁਰਦੀਪ ਸਿੰਘ ਗੋਸ਼ਾ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ।

3 ਪੰਧਕ ਅਕਾਲੀ ਪਰਵਾਰਾਂ ਨੂੰ ਤੋੜ ਚੁੱਕੀ ਹੈ ਭਾਜਪਾ 

ਜੱਥੇਦਾਰ ਗੁਰਚਰਨ ਸਿੰਘ ਟੌਹੜਾ ਪਰਿਵਾਰ 
ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਮੰਗਲਵਾਰ ਭਾਜਪਾ ਵਿਚ ਸ਼ਾਮਲ ਹੋ ਗਏ। ਗੁਰਚਰਨ ਟੌਹੜਾ ਸਿੱਖਾਂ ਦੇ ਹਰ ਮੁੱਦੇ 'ਤੇ ਲੜਦੇ ਰਹੇ ਹਨ। ਟੌਹੜਾ ਦੀ ਧੀ ਕੁਲਦੀਪ ਕੌਰ 2016 ਵਿਚ ‘ਆਪ’ ਵਿਚ ਸ਼ਾਮਲ ਹੋ ਗਏ ਅਤੇ 2019 ਵਿੱਚ ਟੌਹੜਾ ਪਰਿਵਾਰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ।

ਜਥੇਦਾਰ ਜਗਦੇਵ ਤਲਵੰਡੀ ਪਰਿਵਾਰ 
ਮਰਹੂਮ ਜਥੇਦਾਰ ਜਗਦੇਵ ਤਲਵੰਡੀ ਦੇ ਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਜੁਲਾਈ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਿੱਚ ਚਲੇ ਗਏ ਸਨ, ਜੋ ਕਿ 26 ਸਤੰਬਰ 2021 ਨੂੰ ਸ਼ਿਰੋਮਣੀ ਅਕਾਲੀ ਦਲ ਸੰਯੁਕਤ ਬਣ ਗਿਆ ਅਤੇ ਰਣਜੀਤ ਤਲਵੰਡੀ ਉਸ ਦੇ ਸਕੱਤਰ ਜਨਰਲ ਬਣੇ। ਹੁਣ ਸ਼ਿਰੋਮਣੀ ਅਕਾਲੀ ਦਲ ਸੰਯੁਕਤ ਦਾ ਭਾਜਪਾ ਨਾਲ ਗਠਜੋੜ ਹੋ ਚੁੱਕਾ ਹੈ।

ਜੱਥੇਦਾਰ ਸੁਖਦੇਵ ਢੀਂਡਸਾ ਪਰਿਵਾਰ

ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲਾਂ ਦੇ ਕਰੀਬੀ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਵੀ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਬਣਾਇਆ। ਫਿਰ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀਆਂ ਨੂੰ ਇੱਕਠਾ ਕਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ। ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਭਾਜਪਾ ਨਾਲ ਗਠਜੋੜ ਹੋ ਚੁੱਕਾ ਹੈ।