ਏਸ਼ੀਆ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਸੰਭਾਲੇਗੀ ਤਜ਼ਰਬੇਕਾਰ ਗੋਲਕੀਪਰ ਸਵਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

21 ਤੋਂ 28 ਜਨਵਰੀ ਦੌਰਾਨ ਹੋਵੇਗਾ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ

Experienced goalkeeper Savita will lead Indian women's hockey team in the Asia Cup

ਟੋਕੀਉ ਉਲੰਪਿਕ 'ਚ ਖੇਡਣ ਵਾਲੇ 16 ਖਿਡਾਰੀ ਬਣੇ 18 ਮੈਂਬਰੀ ਟੀਮ ਦਾ ਹਿੱਸਾ 

ਨਵੀਂ ਦਿੱਲੀ : ਤਜ਼ਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਭਾਰਤ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਬੁਧਵਾਰ ਨੂੰ ਟੀਮ ਦਾ ਐਲਾਨ ਕੀਤਾ, ਜਿਸ ਵਿਚ ਟੋਕੀਉ ਉਲੰਪਿਕ ਵਿਚ ਹਿੱਸਾ ਲੈਣ ਵਾਲੇ 16 ਖਿਡਾਰੀ ਸ਼ਾਮਲ ਹਨ। ਰੈਗੂਲਰ ਕਪਤਾਨ ਰਾਣੀ ਰਾਮਪਾਲ ਬੈਂਗਲੁਰੂ ਵਿਚ ਸੱਟ ਤੋਂ ਠੀਕ ਹੋ ਰਹੀ ਹੈ ਅਤੇ ਇਸ ਲਈ 21 ਤੋਂ 28 ਜਨਵਰੀ ਦਰਮਿਆਨ ਹੋਣ ਵਾਲੇ ਟੂਰਨਾਮੈਂਟ ਲਈ ਸਵਿਤਾ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਭਾਰਤ ਨੂੰ ਜਾਪਾਨ, ਮਲੇਸ਼ੀਆ ਅਤੇ ਸਿੰਗਾਪੁਰ ਨਾਲ ਪੂਲ ‘ਏ’ ਵਿਚ ਰਖਿਆ ਗਿਆ ਹੈ। ਭਾਰਤੀ ਟੀਮ ਅਪਣੇ ਖ਼ਿਤਾਬ ਦੇ ਬਚਾਅ ਦਾ ਅਭਿਆਨ ਟੂਰਨਾਮੈਂਟ ਦੇ ਪਹਿਲੇ ਦਿਨ ਮਲੇਸ਼ੀਆ ਖ਼ਿਲਾਫ਼ ਕਰੇਗੀ। ਇਸ ਦੇ ਬਾਅਦ ਉਸ ਦਾ ਮੁਕਾਬਲਾ ਜਾਪਾਨ (23 ਜਨਵਰੀ) ਅਤੇ ਸਿੰਗਾਪੁਰ (24 ਜਨਵਰੀ) ਨਾਲ ਹੋਵੇਗਾ। ਸੈਮੀਫ਼ਾਈਨਲ 26 ਜਨਵਰੀ ਨੂੰ ਅਤੇ ਫ਼ਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ।

ਮੁਕਾਬਲੇ ਵਿਚ ਚੋਟੀ ਦੇ 4 ਵਿਚ ਰਹਿਣ ਵਾਲੀ ਟੀਮ ਸਪੇਨ ਅਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ 2022 ਲਈ ਕੁਆਲੀਫ਼ਾਈ ਕਰੇਗੀ। ਤਜ਼ਰਬੇਕਾਰ ਦੀਪ ਗ੍ਰੇਸ ਏਕਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ,‘‘ਇਹ ਸਾਡੇ ਲਈ ਬੇਹਦ ਮਹੱਤਵਪੂਰਨ ਟੂਰਨਾਮੈਂਟ ਹੈ ਅਤੇ ਅਸੀਂ ਜੋ ਟੀਮ ਚੁਣੀ ਹੈ, ਉਸ ਤੋਂ ਮੈਂ ਖ਼ੁਸ਼ ਹਾਂ।

ਇਹ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਮਿਸ਼ਰਣ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਕਾਫ਼ੀ ਸੰਭਾਵਨਾਵਾਂ ਦਿਖਾਈਆਂ ਹਨ।’’ ਭਾਰਤ ਨੇ ਪਿਛਲੀ ਵਾਰ 2017 ਵਿਚ ਚੀਨ ਨੂੰ ਪੈਨਲਟੀ ਸ਼ੂਟ ਆਊਟ ਵਿਚ 5-4 ਨਾਲ ਹਰਾ ਕੇ ਖ਼ਿਤਾਬ ਜਿਤਿਆ ਸੀ। ਭਾਰਤੀ ਮਹਿਲਾ ਟੀਮ ਇਸ ਪ੍ਰਕਾਰ ਹੈ।          

ਟੀਮ ਇਸ ਤਰ੍ਹਾਂ ਹੈ

ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਇਤਿਮਾਰਪੂ। ਬਚਾਅ ਪੱਖ : ਦੀਪ ਗ੍ਰੇਸ ਏਕਾ (ਉਪ-ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ। ਮੱਧ ਕਤਾਰ : ਨਿਸ਼ਾ, ਸੁਸ਼ੀਲਾ ਚਾਨੂ, ਮੋਨਿਕਾ, ਨੇਹਾ, ਸਲੀਮਾ ਟੇਟੇ, ਜੋਤੀ, ਨਵਜੌਤ ਕੌਰ। ਫ਼ਰੰਟਲਾਈਨ : ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਮਾਰੀਆਨਾ ਕੁਜੂਰ, ਸ਼ਰਮਿਲਾ ਦੇਵੀ।