ਕੇਜਰੀਵਾਲ ਨੇ ਪੰਜਾਬ ਦੇ ਲੋਕਾਂ 'ਤੇ ਛੱਡਿਆ 'ਆਪ' ਦੇ CM ਚਿਹਰੇ ਦਾ ਫ਼ੈਸਲਾ, ਜਾਰੀ ਕੀਤਾ ਨੰਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ

Arvind Kejriwal

 

 ਮੋਹਾਲੀ  - ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਸਨ ਤੇ ਅੱਰ ਫਿਰ ਉਹਨਾਂ ਨੇ ਮੋਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ 'ਆਪ' ਦੇ ਸੀ. ਐੱਮ. ਦੇ ਚਿਹਰੇ ਨੂੰ ਲੈ ਕੇ ਇਕ ਨੰਬਰ (70748-70748) ਜਾਰੀ ਕੀਤਾ ਹੈ, ਜਿਸ ਦੇ ਰਾਹੀਂ ਜਨਤਾ ਤੋਂ ਰਾਇ ਲਈ ਜਾਵੇਗੀ ਕਿ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਨੰਬਰ 17 ਜਨਵਰੀ ਤੱਕ ਸ਼ਾਮ 5 ਵਜੇ ਤੱਕ ਐਕਟਿਵ ਰਹੇਗਾ ਅਤੇ ਉਸ ਤੋਂ ਬਾਅਦ ਜਨਤਾ ਵੱਲੋਂ ਭੇਜੇ ਗਏ ਜਵਾਬਾਂ ਨੂੰ ਵੇਖਦੇ ਹੋਏ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰਾ ਚੁਣਿਆ ਜਾਵੇਗਾ। ਜਾਰੀ ਕੀਤੇ ਗਏ ਨੰਬਰ ’ਤੇ ਜਨਤਾ ਫ਼ੋਨ, ਮੈਸਜ ਜਾਂ ਵਟਸਐੱਪ ’ਤੇ ਕਾਲ ਵੀ ਕਰ ਸਕਦੀ ਹੈ। 

ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਜਿਸ ਦੇ ਲਈ ਉਨ੍ਹਾਂ ਨੇ ਭਗਵੰਤ ਮਾਨ ਨਾਲ ਗੱਲਬਾਤ ਵੀ ਕੀਤੀ ਸੀ ਪਰ ਇਸ ਸਬੰਧ ’ਚ ਭਗਵੰਤ ਮਾਨ ਨੇ ਜਨਤਾ ਤੋਂ ਪੁੱਛਣ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਜਨਤਾ ਤੋਂ ਰਾਏ ਲੈਣੀ ਚਾਹੀਦੀ ਹੈ ਕਿ ਲੋਕ ਪੰਜਾਬ ’ਚ ‘ਆਪ’ ਦਾ ਮੁੱਖ ਮੰਤਰੀ ਕਿਸ ਨੂੰ ਵੇਖਣਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਆਮ ਪਾਰਟੀਆਂ ਲੋਕਾਂ 'ਤੇ ਮੁੱਖ ਮੰਤਰੀ ਚਿਹਰਾ ਥੋਪ ਦਿੰਦੀਆਂ ਹਨ

ਪਰ ਇਹ ਕੋਈ ਨਹੀਂ ਪੁੱਛਦਾ ਕਿ ਲੋਕਾਂ ਨੂੰ ਕਿਹੋ ਜਿਹਾ ਮੁੱਖ ਮੰਤਰੀ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਵੀ ਲੋਕਾਂ ਵਿਚੋਂ ਹੀ ਨਿਕਲ ਕੇ ਆਏ ਹਾਂ ਤਾਂ ਇਸ ਲਈ ਲੋਕਾਂ ਤੋਂ ਹੀ ਰਾਇ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਜਨਤਾ ਮੈਨੂੰ ਜ਼ਿੰਮੇਵਾਰੀ ਦੇਵੇਗੀ, ਮੈਂ ਉਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਅਕਸਰ ਪਾਰਟੀਆਂ ਵੱਲੋਂ ਕਦੇ ਬੇਟੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਜਾਂ ਕਦੇ ਕਿਸੇ ਨੂੰ।

ਇਸ ਦੇ ਬਾਅਦ ਹੁਣ ਇਹ ਨੰਬਰ ਜਾਰੀ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦਾ ਜੋ ਵੀ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਕਿ ਉਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਚੰਨੀ ਸਰਕਾਰ 'ਤੇ ਵੀ ਤੰਜ਼ ਕੱਸਿਆ ਤੇ ਕਿਹਾ ਕਿ 'ਆਪ' ਦੀ ਸਰਕਾਰ ਬਣਨ 'ਤੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸੁਰੱਖਿਅਤ ਰਹੇਗਾ ਤੇ ਪੰਜਾਬ ਦੀ 3 ਕਰੋੜ ਜਨਤਾ ਵੀ ਸੁਰੱਖਿਅਤ ਹੋਵੇਗੀ ਪਰ ਅੱਜ ਪੀਐੱਮ ਵੀ ਅਸੁਰੱਖਿਅਤ ਹੈ ਤੇ ਪੰਜਾਬ ਦੀ ਜਨਤਾ ਵੀ ਅਸੁਰੱਖਿਅਤ ਹੈ।