ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਕੱਸਿਆ ਤੰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਮਜੀਠੀਆ ਮੇਰੀ ਕੋਠੀ 'ਚ ਆਪਣੇ ਪਰਿਵਾਰ ਸਮੇਤ ਲੁਕਿਆ ਹੋਇਆ ਸੀ, 2-3 ਦਿਨ ਅਮਿਤ ਸ਼ਾਹ ਦੇ ਘਰ ਵੀ ਰਿਹਾ

Dy CM Sukhjinder Singh Randhawa

ਚੰਡੀਗੜ੍ਹ :  ਬਹੁ ਕਰੋੜੀ ਡਰੱਗ ਮਾਮਲੇ ਵਿਚ ਭਾਵੇਂ ਕਿ ਮਾਮਲੇ 'ਤੇ ਕਾਰਵਾਈ ਚਲ ਰਹੀ ਹੈ ਅਤੇ ਬਿਕਰਮ ਮਜੀਠੀਆ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਹੁਕਮ ਦਿਤੇ ਗਏ ਸਨ ਜਿਸ ਦੇ ਚਲਦਿਆਂ ਬੀਤੇ ਕੱਲ੍ਹ ਜਾਂਚ ਵਿਚ ਸ਼ਾਮਲ ਹੋਏ ਅਤੇ ਕਾਂਗਰਸ ਪਾਰਟੀ ਬਾਰੇ ਕਾਫੀ ਬਿਆਨਬਾਜ਼ੀ ਵੀ ਕੀਤੀ। ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਕਾਫੀ ਸਮਾਂ ਗਾਇਬ ਰਹੇ ਸਨ ਇਸ ਬਾਰੇ ਹੁਣ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿਤਾ ਹੈ।

ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਵਲੋਂ ਦਿੱਤੇ ਬਿਆਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਮਜੀਠੀਆ ਨੇ ਠੀਕ ਕਿਹਾ ਹੈ ਕਿ ਉਹ ਮਾਮਲਾ ਦਰਜ ਹੋਣ ਤੋਂ ਬਾਅਦ ਮੇਰੇ ਜਾਂ ਫਿਰ ਮੁੱਖ ਮੰਤਰੀ ਚੰਨੀ ਦੇ ਘਰ ਰਿਹਾ ਹੋਣਾ ਕਿਉਂਕਿ ਬਾਹਰ ਤੇ ਕੀਤੇ ਉਹ ਰਹਿ ਨਹੀਂ ਸਕਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੇਰਾ ਅਤੇ ਮਜੀਠੀਆ ਦਾ ਆਪਸ ’ਚ ਪਿਆਰ ਬਹੁਤ ਹੈ ਅਤੇ ਦੋਵੇਂ ਹਮੇਸ਼ਾ ਇਕੱਠੇ ਘੁੰਮਦੇ ਰਹਿੰਦੇ ਹਾਂ।

ਰੰਧਾਵਾ ਨੇ ਕਿਹਾ ਕਿ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਮਜੀਠੀਆ ਕਿਥੇ ਸੀ, ਉਸ ਦਾ ਜਵਾਬ ਕਿਸੇ ਨੂੰ ਪੁੱਛਣ ਦੀ ਕੋਈ ਨਹੀਂ ਕਿਉਂਕਿ ਉਹ ਮੇਰੇ ਹੀ ਘਰ ’ਚ ਰਹਿੰਦਾ ਰਿਹਾ ਸੀ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਜਦੋਂ ਮਜੀਠੀਆ ਦਾ ਦਿਲ ਕਰਦਾ ਉਹ ਮੁੱਖ ਮੰਤਰੀ ਚੰਨੀ ਦੀ ਕੋਠੀ ਵੀ ਚਲੇ ਜਾਂਦਾ ਸੀ। ਇਸ ਤੋਂ ਇਲਾਵਾ ਉਹ 3 ਦਿਨ ਅਮਿਤ ਸ਼ਾਹ ਦੇ ਘਰ ਵੀ ਰਹਿ ਕੇ ਆਇਆ ਹੈ।  

ਇਸ ਤੋਂ ਇਲਾਵਾ ਰੰਧਾਵਾ ਨੇ ਮਜੀਠੀਆ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਗ਼ਲਤ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਡੀ.ਜੀ.ਪੀ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਮੌਜੂਦਾ ਡੀ.ਜੀ.ਪੀ. ਵਲੋਂ ਕੀਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਅੱਜ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਹੋ ਜਾਵੇਗੀ।