ਕਾਂਗਰਸ ਉਮੀਦਵਾਰਾਂ ਦਾ ਅਨੋਖ਼ਾ ਪ੍ਰਚਾਰ, ਪਤੰਗਾਂ 'ਤੇ ਛਪਵਾਈ ਫ਼ੋਟੋ ਤੇ ਲੋਕਾਂ 'ਚ ਵੰਡੇ ਪਤੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੰਗਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। 

Unique campaign of Congress candidates

 

ਅੰਮ੍ਰਿਤਸਰ - ਚੋਣ ਕਮਿਸ਼ਨ ਨੇ ਪੰਜਾਬ 'ਚ ਵਿਧਾਨ ਸਭਾ ਚੋਣ ਪ੍ਰਚਾਰ ਅਤੇ ਰੈਲੀਆਂ 'ਤੇ 15 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। ਲੋਕ ਸਿਰਫ਼ ਵਰਚੁਅਲ ਜਾਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ ਪਰ ਇਸ ਦੌਰਾਨ ਅੰਮ੍ਰਿਤਸਰ 'ਚ ਚੋਣ ਪ੍ਰਚਾਰ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਦੋ ਉਮੀਦਵਾਰਾਂ ਨੇ ਲੋਹੜੀ ਮੌਕੇ ਪਤੰਗਾਂ ਜਰੀਏ ਅਪਣੇ ਲਈ ਪ੍ਰਚਾਰ ਕੀਤਾ ਹੈ। ਉਨ੍ਹਾਂ ਦੇ ਸਮਰਥਕਾਂ ਨੇ ਇਲਾਕੇ ਵਿਚ ਹਜ਼ਾਰਾਂ ਪਤੰਗਾਂ ਵੰਡੀਆਂ। ਉਨ੍ਹਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। 

 

ਅੰਮ੍ਰਿਤਸਰ ਤੋਂ ਉੱਤਰੀ ਸੀਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਵਿਰਾਟ ਦੇਵਗਨ ਅਤੇ ਅੰਮ੍ਰਿਤਸਰ ਦੱਖਣੀ ਤੋਂ ਮੌਜੂਦਾ ਵਿਧਾਇਕ ਤੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਨਾਂ 'ਤੇ ਹਜ਼ਾਰਾਂ ਪਤੰਗਾਂ ਅਸਮਾਨ 'ਚ ਉੱਡ ਰਹੀਆਂ ਹਨ। ਵਿਰਾਟ ਦੇਵਗਨ ਦੇ ਸਮਰਥਕਾਂ ਨੇ ਲੋਹੜੀ 'ਤੇ ਉਨ੍ਹਾਂ ਦੇ ਨਾਂ 'ਤੇ ਬਣੀਆਂ ਪਤੰਗਾਂ ਨੂੰ ਹਵਾ 'ਚ ਉਡਾਇਆ ਅਤੇ ਨਾਰਥ ਹਾਲ 'ਚ ਵੰਡਿਆ। ਸਮਰਥਕਾਂ ਨੇ ਕਿਹਾ ਕਿ ਉਹ ਚੰਗੇ ਦਿਲ ਵਾਲੇ ਵਿਅਕਤੀ ਹਨ। ਇਸ ਦਿਨ ਘਰ-ਘਰ ਆਪਣਾ ਨਾਮ ਲੈ ਕੇ ਜਾਣ ਲਈ ਪਤੰਗ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ।

ਦੂਜੇ ਪਾਸੇ ਹਲਕਾ ਦੱਖਣੀ ਦੇ ਮੌਜੂਦਾ ਵਿਧਾਇਕ ਅਤੇ 2022 ਦੀਆਂ ਚੋਣਾਂ ਦੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਲਗਾਤਾਰ ਆਪਣੇ ਤਰੀਕੇ ਨਾਲ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਲੋਹੜੀ ਮੌਕੇ ਸਮਰਥਕਾਂ ਨੇ ਇਲਾਕੇ 'ਚ ਉਨ੍ਹਾਂ ਦੇ ਨਾਂ ਤੇ ਤਸਵੀਰ ਵਾਲੀਆਂ ਪਤੰਗਾਂ ਵੰਡੀਆਂ। ਇਸ ਤੋਂ ਪਹਿਲਾਂ ਵੀ ਬੁਲਾਰੀਆ ਆਪਣੇ ਇਲਾਕੇ 'ਚ ਲਿਟਲ ਚੈਂਪ ਦੇ ਨਾਂ ਨਾਲ ਬੱਚਿਆਂ ਦੇ ਮੁਕਾਬਲੇ ਲਈ ਇਲਾਕੇ 'ਚ ਪ੍ਰਚਾਰ ਕਰ ਰਹੇ ਸਨ, ਜਿਸ 'ਚ ਉਨ੍ਹਾਂ ਨੇ ਬੱਚਿਆਂ ਨੂੰ ਟੈਬ ਵੀ ਵੰਡੇ ਸਨ।