ਆਪਣੀ ਭੈਣ ਮਾਲਵਿਕਾ ਸੂਦ ਲਈ ਚੋਣ ਪ੍ਰਚਾਰ ਨਹੀਂ ਕਰਨਗੇ ਸੋਨੂੰ ਸੂਦ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਆਪਣੇ ਦਮ 'ਤੇ ਵੱਡਾ ਮੁਕਾਮ ਹਾਸਲ ਕਰੋ, ਮੈਂ ਅਦਾਕਾਰੀ ਅਤੇ ਲੋਕਾਂ ਦੀ ਮਦਦ ਕਰਕੇ ਖੁਸ਼ ਹਾਂ

Will not campaign for his sister Malvika Sood Sonu Sood

ਚੰਡੀਗੜ੍ਹ : ਕੋਰੋਨਾਕਾਲ ਦੌਰਾਨ ਲੋਕਾਂ ਦੀ ਮਦਦ ਕਰਕੇ ਵਾਹ-ਵਾਹੀ ਖੱਟਣ ਵਾਲੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਚੋਣ ਲੜ ਰਹੀ ਹੈ। ਉਹ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪਰ ਇਸ ਦੌਰਾਨ, ਸੋਨੂੰ ਸੂਦ ਨੇ ਆਪਣੀ ਭੈਣ ਲਈ ਪ੍ਰਚਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ ਹੈ।

ਉਨ੍ਹਾਂ ਕਿਹਾ, “ਇਹ ਮੇਰੀ ਭੈਣ ਦਾ ਫ਼ੈਸਲਾ ਹੈ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਉਨ੍ਹਾਂ ਲਈ ਪ੍ਰਚਾਰ ਜਾਂ ਰੈਲੀ ਵੀ ਨਹੀਂ ਕਰਾਂਗਾ। ਇੱਕ ਭਰਾ ਵਜੋਂ ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਦਮ 'ਤੇ ਕਾਮਯਾਬ ਹੋਵੇ। ਮੈਂ ਅਦਾਕਾਰੀ ਕਰਕੇ ਅਤੇ ਲੋਕਾਂ ਦੀ ਮਦਦ ਕਰਕੇ ਖੁਸ਼ ਹਾਂ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨਾ ਚਾਹੁੰਦਾ ਹਾਂ।''

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੂੰ ਸੂਦ ਦੇ ਰਾਜਨੀਤੀ ਵਿਚ ਆਉਣ ਦੀਆਂ ਅਟਕਲਾਂ ਵੀ ਲਾਈਆਂ ਜਾ ਰਹੀਆਂ ਸਨ ਕਿਉਂਕਿ ਇੱਕ ਫ਼ੋਟੋ ਵਿੱਚ ਉਹ ਆਪਣੀ ਭੈਣ  ਮਾਲਵਿਕਾ ਸੂਦ, ਸੀਐਮ ਚੰਨੀ ਅਤੇ ਸਿੱਧੂ ਨਾਲ ਨਜ਼ਰ ਆ ਰਹੇ ਸਨ।

ਆਪਣੀ ਭੈਣ ਦੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਕਿ ''ਮੇਰੀ ਭੈਣ ਇਕ ਨਵੇਂ ਸਫ਼ਰ 'ਤੇ ਹੈ, ਮੈਂ ਚਾਹੁੰਦਾ ਹਾਂ ਕਿ ਉਹ ਇਸ 'ਚ ਚੰਗਾ ਮੁਕਾਮ ਹਾਸਲ ਕਰੇ।'' ਅਜਿਹੇ 'ਚ ਲੋਕ ਇਹ ਮੰਨ ਰਹੇ ਸਨ ਕਿ ਆਉਣ ਵਾਲੀਆਂ ਪੰਜਾਬ ਚੋਣਾਂ 'ਚ ਸੋਨੂੰ ਸੂਦ ਆਪਣੀ ਬੈਨ ਲਈ ਪ੍ਰਚਾਰ ਕਰਨਗੇ।

ਪਾਰਟੀ ਵੱਲੋਂ ਮਾਲਵਿਕਾ ਸੂਦ ਨੂੰ ਮੋਗਾ ਤੋਂ ਚੋਣ ਲੜਾਏ ਜਾਣ ਦੀਆਂ ਸੰਭਾਵਨਾਵਾਂ ਹਨ। ਪਰ ਮੋਗਾ ਦੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਦੇ ਸਮਰਥਕ ਵਿਰੋਧ ਕਰ ਰਹੇ ਹਨ। ਉਨ੍ਹਾਂ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਟਿਕਟ ਨਾ ਦਿਤੀ ਜਾਵੇ।