ਪੰਜਾਬ ਵਿਚ ਬਿਜਲੀ ਸੰਕਟ! ਦੋ ਨਿੱਜੀ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ’ਚ 1 ਤੋਂ 5 ਦਿਨ ਦਾ ਕੋਲਾ ਬਚਿਆ

ਏਜੰਸੀ

ਖ਼ਬਰਾਂ, ਪੰਜਾਬ

ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਇਕ ਯੂਨਿਟ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਬੰਦ

Power

 

ਚੰਡੀਗੜ੍ਹ: ਪੰਜਾਬ ਦੇ ਦੋ ਨਿੱਜੀ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ ਸਿਰਫ਼ 1 ਤੋਂ 5 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿਚ ਉਹਨਾਂ ਦੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ ਹੈ। ਸੂਬੇ ਦੇ ਸਰਕਾਰੀ ਤਾਪਘਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਇਕ ਯੂਨਿਟ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਬੰਦ ਹੋ ਗਏ। ਨਿੱਜੀ ਭਾਈਵਾਲੀ ਵਾਲੇ ਤਾਪਘਰਾਂ ਦੇ ਸਾਰੇ ਯੂਨਿਟ ਸਮਰੱਥਾ ਅਨੁਸਾਰ ਕੰਮ ਕਰ ਰਹੇ ਹਨ।

ਦੂਜੇ ਪਾਸੇ ਕੋਲਾ ਸੰਕਟ ਦਰਮਿਆਨ ਕੇਂਦਰ ਸਰਕਾਰ ਨੇ ਪਾਵਰਕੌਮ ਨੂੰ ਝਟਕਾ ਦਿੱਤਾ ਹੈ। ਕੇਂਦਰ ਨੇ ਪੱਤਰ ਜਾਰੀ ਕਰਕੇ ਥਰਮਲ ਪਲਾਂਟਾਂ ਵਿਚ 6 ਫੀਸਦੀ ਵਿਦੇਸ਼ੀ ਕੋਲੇ ਦੀ ਵਰਤੋਂ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਪਾਵਰਕੌਮ ’ਤੇ 250-300 ਕਰੋੜ ਰੁਪਏ ਦਾ ਆਰਥਿਕ ਬੋਝ ਪਵੇਗਾ।

ਇੱਥੇ ਰੋਪੜ-ਜੀਵੀਕੇ ਪਾਵਰ ਥਰਮਲ ਦਾ 1-1 ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਪਿਆ ਹੈ। ਵੀਰਵਾਰ ਨੂੰ ਸਾਰੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ 4858 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਜਦਕਿ ਬਿਜਲੀ ਦੀ ਸਭ ਤੋਂ ਵੱਧ ਮੰਗ 8 ਹਜ਼ਾਰ 105 ਮੈਗਾਵਾਟ ਦਰਜ ਕੀਤੀ ਗਈ।