ਤਲਵੰਡੀ ਵਿਖੇ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਕਾਬਲਾ, ਗੈਂਗਸਟਰ ਗੁਰਪਿਆਰ ਨੂੰ ਕੀਤਾ ਗਿਆ ਗ੍ਰਿਫ਼ਤਾਰ
ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਹੈ ਗੈਂਗਸਟਰ ਗੁਰਪਿਆਰ
ਫ਼ਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਵਿਖੇ ਤਲਵੰਡੀ 'ਚ ਸ਼ੁੱਕਰਵਾਰ ਨੂੰ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ 'ਚ ਗੈਂਗਸਟਰ ਗੁਰਪਿਆਰ ਸਿੰਘ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ। ਗੁਰਪਿਆਰ ਸਿੰਘ ਅਰਸ਼ ਡੱਲਾ ਦਾ ਸਾਥੀ ਹੈ, ਜਿਸ ਨੂੰ ਹਾਲ ਹੀ ਵਿੱਚ ਅੱਤਵਾਦੀ ਐਲਾਨਿਆ ਗਿਆ ਸੀ। ਗੈਂਗਸਟਰ ਗੁਰਪਿਆਰ ਸਿੰਘ ਪੰਜਾਬ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਦਰਅਸਲ ਪੰਜਾਬ ਪੁਲਿਸ ਦੀ ਟੀਮ ਨੇ ਤਲਵੰਡੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਜਦੋਂ ਗੈਂਗਸਟਰ ਗੁਰਪਿਆਰ ਸਿੰਘ ਉਥੋਂ ਲੰਘਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਭੱਜਣ ਲਈ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਦੋਵਾਂ ਪਾਸਿਆਂ ਤੋਂ ਕੁਝ ਦੇਰ ਤੱਕ ਚੱਲੇ ਮੁਕਾਬਲੇ ਦੌਰਾਨ ਗੁਰਪਿਆਰ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਵਾਲਿਆਂ ਨੇ ਉਸ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਅਤੇ ਕਾਬੂ ਕਰ ਲਿਆ।
ਪੁਲਿਸ ਅਨੁਸਾਰ ਮੁਲਜ਼ਮ ਗੁਰਪਿਆਰ ਸਿੰਘ ਨੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜ਼ਮ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਟਾਰਗੇਟ ਕਿਲਿੰਗ ਵਿੱਚ ਵੀ ਸ਼ਾਮਲ ਰਿਹਾ ਹੈ। ਮੁਲਜ਼ਮ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਅਰਸ਼ ਡੱਲਾ ਨੂੰ ਅੱਤਵਾਦੀ ਐਲਾਨ ਕੀਤਾ ਹੈ।
ਪੁਲਿਸ ਦੀ ਟੀਮ ਜ਼ਖਮੀ ਗੈਂਗਸਟਰ ਗੁਰਪਿਆਰ ਸਿੰਘ ਨੂੰ ਸਥਾਨਕ ਹਸਪਤਾਲ ਲੈ ਗਈ ਹੈ। ਇਲਾਜ ਤੋਂ ਬਾਅਦ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ ਉਸ ਦੇ ਰਿਮਾਂਡ ਦੀ ਮੰਗ ਕਰੇਗੀ। ਮੁਲਜ਼ਮ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੇ ਨੈੱਟਵਰਕ ਦੇ ਹੋਰ ਸਾਥੀ ਕੌਣ ਹਨ, ਫਿਲਹਾਲ ਪੁਲਿਸ ਇਸ ਸਬੰਧੀ ਪੁੱਛਗਿੱਛ ਕਰੇਗੀ।