ਭਾਰਤੀ ਫ਼ੌਜ ਅੰਦਰ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਵਾਪਸ ਲਈ ਜਾਵੇ : ਐਡਵੋਕੇਟ ਧਾਮੀ
ਭਾਰਤੀ ਫ਼ੌਜ ਅੰਦਰ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਵਾਪਸ ਲਈ ਜਾਵੇ : ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ
ਅੰਮਿ੍ਤਸਰ, 12 ਜਨਵਰੀ (ਪਰਮਿੰਦਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਦੇ ਰਖਿਆ ਮੰਤਰਾਲੇ ਵਲੋਂ ਫ਼ੌਜ ਅੰਦਰ ਸੇਵਾ ਨਿਭਾ ਰਹੇ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਨੀਤੀ ਲਿਆਉਣ 'ਤੇ ਸਖ਼ਤ ਇਤਰਾਜ਼ ਕੀਤਾ ਹੈ | ਇਸ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਭਾਰਤ ਦੇ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਫ਼ੈਸਲਾ ਵਾਪਸ ਲੈਣ ਲਈ ਆਖਿਆ ਹੈ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਫ਼ੌਜ ਵਿਚ ਕਾਰਜਸ਼ੀਲ ਸਿੱਖਾਂ ਲਈ ਵਿਸ਼ੇਸ਼ ਲੋਹਟੋਪ ਲਾਗੂ ਕਰਨ ਦੇ ਫ਼ੈਸਲੇ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖ ਮਰਿਆਦਾ ਨੂੰ ਢਾਹ ਲੱਗੇਗੀ |
ਉਨ੍ਹਾਂ ਆਖਿਆ ਕਿ ਸਿੱਖ ਮਰਿਆਦਾ ਅਨੁਸਾਰ ਦਸਤਾਰ ਸਿੱਖ ਲਈ ਕੇਵਲ ਕਪੜਾ ਹੀ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਲਖਾਇਕ ਹੋਣ ਦੇ ਨਾਲ-ਨਾਲ ਅਧਿਆਤਮਿਕਤਾ ਅਤੇ ਸਿਧਾਂਤਕ ਮਹੱਤਵ ਵਾਲੀ ਵੀ ਹੈ | ਦਸਤਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਸਿੱਖੀ ਗੌਰਵ ਅਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਨੂੰ ਵੀ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਸਿਪਾਹੀ ਨੂੰ ਲੋਹਟੋਪ ਪਾਉਣ ਦਾ ਹੁਕਮ
ਸਿੱਖ ਰਹਿਣੀ ਨੂੰ ਚੁਣੌਤੀ ਹੈ | ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਾਉਣ ਵਾਲਾ ਫ਼ੈਸਲਾ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ 'ਤੇ ਵੱਡੀ ਸੱਟ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ | ਭਾਰਤੀ ਫ਼ੌਜ ਵਿਚ ਵੀ ਸਿੱਖ ਫ਼ੌਜੀਆਂ ਨੇ ਦਸਤਾਰ ਦੇ ਮਾਣ ਨੂੰ ਸਦਾ ਕਾਇਮ ਰਖਿਆ ਹੈ ਅਤੇ ਜੇਕਰ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਲਾਗੂ ਹੁੰਦੀ ਹੈ ਤਾਂ ਇਸ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਵੱਜੇਗੀ ਤੇ ਸਿੱਖ ਮਰਿਆਦਾ ਦਾ ਉਲੰਘਣ ਹੋਵੇਗਾ | ਐਡਵੋਕੇਟ ਧਾਮੀ ਨੇ ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਸਿੱਖ ਫ਼ੌਜੀਆਂ ਲਈ ਲਿਆਂਦੀ ਜਾ ਰਹੀ ਨਵੀਂ ਲੋਹਟੋਪ ਨੀਤੀ ਨੂੰ ਤੁਰਤ ਵਾਪਸ ਲੈਣ, ਤਾਂ ਜੋ ਰਖਿਆ ਸੇਵਾਵਾਂ ਵਿਚ ਸਿੱਖਾਂ ਦੀ ਵਖਰੀ ਪਛਾਣ ਬਰਕਰਾਰ ਰਹੇ |