ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ: ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਜਾਂਚ ਦੌਰਾਨ ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।

Gurpreet Kangar



ਚੰਡੀਗੜ੍ਹ: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗੜ ਖ਼ਿਲਾਫ਼ ਕੁਝ ਸਮਾਂ ਪਹਿਲਾਂ ਹੀ ਜਾਂਚ ਸ਼ੁਰੂ ਹੋ ਗਈ ਸੀ,ਹੁਣ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੁਰਪ੍ਰੀਤ ਕਾਂਗੜ ਮੌਜੂਦਾ ਸਮੇਂ ’ਚ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਹਨ।

ਜਾਂਚ ਦੌਰਾਨ ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਜਾਂਚ ਏਜੰਸੀ ਦੇ ਹੱਥ ਕਾਫ਼ੀ ਵੇਰਵੇ ਲੱਗੇ ਹਨ। ਗੁਰਪ੍ਰੀਤ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਮਾਲ ਮੰਤਰੀ ਸਨ। ਜਾਂਚ ਦੌਰਾਨ ਉਹਨਾਂ ਦੇ ਮੰਤਰੀ ਕਾਰਜਕਾਲ ਵੇਲੇ ਦੇ ਵੇਰਵਿਆਂ ’ਤੇ ਖ਼ਾਸ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਮਾਲ ਵਿਭਾਗ ਤੋਂ ਕਾਂਗੜ ਪਰਿਵਾਰ ਦੀ ਸੰਪਤੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮਾਲ ਵਿਭਾਗ ਦੇ ਇਕ-ਦੋ ਅਧਿਕਾਰੀਆਂ ’ਤੇ ਵੀ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਹੈ। ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਾਂਗੜ ਦੀ ਸੰਪਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਦੋਂ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਸਾਬਕਾ ਮਾਲ ਮੰਤਰੀ ਨੂੰ ਤਲਬ ਕੀਤਾ ਜਾ ਸਕਦਾ ਹੈ।  

ਵਿਜੀਲੈਂਸ ਦੀ ਜਾਂਚ ’ਤੇ ਕਈ ਇਤਰਾਜ਼ ਨਹੀਂ- ਕਾਂਗੜ

ਸਬੰਧੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਸੀਂ ਜੱਦੀ ਪੁਸ਼ਤੀ ਕਾਰੋਬਾਰੀ ਹਾਂ। ਵਿਜੀਲੈਂਸ ਇਕ ਨਿਰਪੱਖ ਏਜੰਸੀ ਹੈ ਜਿਸ ਦੀ ਜਾਂਚ ’ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹਨਾਂ ਨੂੰ ਜਾਂਚ ਬਾਰੇ ਹਾਲੇ ਕੁੱਝ ਪਤਾ ਨਹੀਂ ਹੈ।