ਸਿੱਖ ਭਾਈਚਾਰੇ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਅਪਣੀ ਜ਼ਮੀਨ ਕੀਤੀ ਦਾਨ
ਪਿੰਡ ਉਮਰਪੁਰਾ ਵਿਖੇ ਮਸਜਿਦਾਂ ਦੇ ਨੀਂਹ ਪੱਥਰ ਰੱਖਣ ਸਮੇਂ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰਾ ਕਾਫ਼ੀ ਖ਼ੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।
ਲੁਧਿਆਣਾ (ਕਵਿਤਾ ਖੁੱਲਰ): ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿੰਦਰ ਸਿੰਘ ਨੇ ਪਿੰਡ ਵਿਚ ਮੁਸਲਿਮ ਭਾਈਚਾਰੇ ਨੂੰ ਮੇਨ ਰੋਡ ਨਾਲ ਲਗਦੀ ਤਕਰੀਬਨ 6 ਵਿਸਵੇ ਥਾਂ ਮਸਜਿਦ ਬਣਾਉਣ ਲਈ ਦਾਨ ਦਿਤੀ ਹੈ।
ਇਸ ਮੌਕੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿਤਾ। ਨੀਂਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ ਵਿਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ, ਪਰ ਉਨ੍ਹਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪ੍ਰਵਾਰ ਨੂੰ ਮਿਲੇਗਾ, ਜਿਸ ਨੇ ਅਪਣੇ ਹਿੱਸੇ ਦੀ ਜ਼ਮੀਨ ਵਿਚੋਂ ਮਸਜਿਦ ਦੇ ਲਈ ਥਾਂ ਦਾਨ ਕੀਤੀ ਹੈ।
ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਤੇ ਇਨ੍ਹਾਂ ਤੋਂ ਇਲਾਵਾ ਰਵਿੰਦਰ ਸਿੰਘ ਗਰੇਵਾਲ ਉਨ੍ਹਾਂ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤਕ ਇਸ ਪਿੰਡ ਵਿਚ ਕੋਈ ਮਸਜਿਦ ਮੌਜੂਦ ਨਹੀਂਂ ਸੀ ਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਨਾਲ ਲਗਦੇ ਪਿੰਡਾਂ ਵਿਚ ਜਾਣਾ ਪੈਂਦਾ ਸੀ। ਪਿੰਡ ਉਮਰਪੁਰਾ ਵਿਖੇ ਮਸਜਿਦਾਂ ਦੇ ਨੀਂਹ ਪੱਥਰ ਰੱਖਣ ਸਮੇਂ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰਾ ਕਾਫ਼ੀ ਖ਼ੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।