ਆਤਿਸ਼ੀ ਵੀਡੀਓ ਵਿਵਾਦ ਮਾਮਲਾ : ਪੰਜਾਬ ਦੇ ਡੀਜੀਪੀ ਨੇ ਦਿੱਲੀ ਵਿਧਾਨ ਸਭਾ ਨੂੰ ਜਵਾਬ ਦੇਣ ਲਈ 10 ਦਿਨ ਦਾ ਮੰਗਿਆ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ 48 ਘੰਟਿਆਂ ’ਚ ਮੰਗਿਆ ਸੀ ਜਵਾਬ 

Atishi video controversy: Punjab DGP seeks 10 days' time to reply to Delhi Assembly

ਚੰਡੀਗੜ੍ਹ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਵੀਡੀਓ ਨਾਲ ਜੁੜਿਆ ਮੁੱਦਾ ਦਿੱਲੀ ਵਿਧਾਨ ਸਭਾ ਵਿੱਚ ਗਰਮਾਇਆ ਹੋਇਆ ਹੈ । ਬੀਤੇ ਦਿਨੀਂ ਇਸ ਮਾਮਲੇ ’ਚ ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਪੰਜਾਬ ਦੇ ਡੀ.ਜੀ.ਪੀ., ਸਾਈਬਰ ਕ੍ਰਾਈਮ ਦੇ ਵਿਸ਼ੇਸ਼ ਡੀ.ਜੀ.ਪੀ. ਅਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਸੀ । ਸਪੀਕਰ ਵੱਲੋਂ ਮਾਮਲੇ ਨਾਲ ਸਬੰਧਤ ਦਸਤਾਵੇਜ਼ ਅਤੇ ਲੈਬ ਰਿਪੋਰਟਾਂ ਵੀ ਮੰਗੀਆਂ ਗਈਆਂ ਸਨ । ਹੁਣ ਪੰਜਾਬ ਦੇ ਡੀ.ਜੀ.ਪੀ. ਅਤੇ ਸਾਈਬਰ ਕ੍ਰਾਈਮ ਦੇ ਵਿਸ਼ੇਸ਼ ਡੀਜੀਪੀ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਲਿਖਤੀ ਜਵਾਬ ਦੇਣ ਲਈ 10 ਦਿਨ ਦਾ ਸਮਾਂ ਮੰਗਿਆ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਇੱਕ ਸੰਪਾਦਿਤ ਅਤੇ ਸੋਧੇ ਹੋਏ ਵੀਡੀਓ ਨੂੰ ਅਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਲਈ ਜਲੰਧਰ ਪੁਲਿਸ ਕਮਿਸ਼ਨਰੇਟ ਵਿੱਚ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ । ਸੋਸ਼ਲ ਮੀਡੀਆ ਪੋਸਟ ਤੋਂ ਕੱਢੇ ਗਏ ਆਡੀਓ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਆਤਿਸ਼ੀ ਨੇ ਵੀਡੀਓ ਵਿੱਚ "ਗੁਰੂ" ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ । ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਆਤਿਸ਼ੀ ਦੇ ਇੱਕ ਵੀਡੀਓ ਨੂੰ ਤੋੜ-ਮਰੋੜ ਕੇ ਅਤੇ ਤਕਨੀਕੀ ਤੌਰ 'ਤੇ ਬਦਲਣ ਅਤੇ ਗਲਤ ਤਰੀਕੇ ਨਾਲ ਅਪਲੋਡ ਕਰਨ ਅਤੇ ਇਸ ਨੂੰ ਗਲਤ ਤਰੀਕੇ ਨਾਲ ਅਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।