ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ’ਚ ਖੰਨਾ ਦੀ ਨਵੀਂ ਐਸ.ਐਸ.ਪੀ. ਦਰਪਨ ਆਹਲੂਵਾਲੀਆ
ਅੱਧੀ ਰਾਤ ਨੂੰ ਹਾਈ-ਟੈਕ ਨਾਕੇ ਦੀ ਅਚਾਨਕ ਕੀਤੀ ਚੈਕਿੰਗ
ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਦੀ ਨਵੀਂ ਐਸ.ਐਸ.ਪੀ ਡਾ. ਦਰਪਨ ਆਹਲੂਵਾਲੀਆ ਨੇ ਸੋਮਵਾਰ ਦੁਪਹਿਰ ਰਸਮੀ ਤੌਰ ’ਤੇ ਚਾਰਜ ਸੰਭਾਲਦੇ ਹੀ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਣ ਦੇ ਪਹਿਲੇ ਹੀ ਦਿਨ ਉਹ ਅੱਧੀ ਰਾਤ ਨੂੰ ਅਚਾਨਕ ਫੀਲਡ ਵਿੱਚ ਨਿਕਲ ਪਏ ਅਤੇ ਦਿੱਲੀ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਖੰਨਾ ਸਥਿਤ ਪ੍ਰਿਸਟੀਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈਕ ਨਾਕੇ ਦਾ ਨਿੱਜੀ ਤੌਰ ’ਤੇ ਨਿਰੀਖਣ ਕੀਤਾ। ਐਸ.ਐਸ.ਪੀ. ਦੀ ਇਸ ਅਚਾਨਕ ਚੈਕਿੰਗ ਨਾਲ ਪੁਲਿਸ ਵਿਭਾਗ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ।
ਅੱਧੀ ਰਾਤ ਨੂੰ ਹਾਈ-ਟੈਕ ਨਾਕੇ ’ਤੇ ਪਹੁੰਚ ਕੇ ਐਸ.ਐਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਨਾਕੇ ਦੀ ਪੂਰੀ ਕਾਰਗੁਜ਼ਾਰੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਤਾਇਨਾਤ ਪੁਲਿਸ ਟੀਮ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਵਾਹਨਾਂ ਦੀ ਚੈਕਿੰਗ ਕਿਵੇਂ ਕੀਤੀ ਜਾਂਦੀ ਹੈ ਅਤੇ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਸ਼ੱਕੀ ਵਾਹਨਾਂ ਨੂੰ ਰੋਕਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਕੇ ’ਤੇ ਲੱਗੇ ਕੈਮਰਿਆਂ ਦੀ ਵਰਕਿੰਗ ਵੀ ਖੁਦ ਵੇਖੀ ਅਤੇ ਇਹ ਯਕੀਨੀ ਬਣਾਇਆ ਕਿ ਸਾਰੇ ਕੈਮਰੇ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ।
ਐਸ.ਐਸ.ਪੀ ਨੇ ਪੁਲਿਸ ਟੀਮ ਤੋਂ ਪਿਛਲੇ ਇੱਕ ਸਾਲ ਦੌਰਾਨ ਹਾਈ-ਟੈਕ ਨਾਕੇ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਲਈ । ਉਨ੍ਹਾਂ ਜਾਣਿਆ ਕਿ ਨਾਕੇ ਦੀ ਮਦਦ ਨਾਲ ਕਿੰਨੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ, ਕਿੰਨੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਿਆ ਗਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਨਾਕੇ ਦੀ ਕੀ ਭੂਮਿਕਾ ਰਹੀ। ਨਿਰੀਖਣ ਦੌਰਾਨ ਐਸ.ਐਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਹਾਈ-ਟੈਕ ਨਾਕੇ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਆਮ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਐਸ.ਐਸ.ਪੀ. ਨੇ ਸਪੱਸ਼ਟ ਕੀਤਾ ਕਿ ਵਿਭਾਗ ਵਿੱਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਮਾਨਦਾਰੀ ਅਤੇ ਲਗਨ ਨਾਲ ਵਧੀਆ ਕੰਮ ਕਰੇਗਾ, ਉਸ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਪਰ ਜੇਕਰ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਜਾਂ ਡਿਊਟੀ ’ਚ ਕੋਤਾਹੀ ਪਾਈ ਗਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।