ਕਾਂਗਰਸ ਸਰਕਾਰ ਨੇ ਸੂਬੇ ਵਿਚ ਸਿੱਖਿਆ ਪ੍ਰਣਾਲੀ ਨੂੰ ਤਬਾਹ ਕੀਤਾ- ਪ੍ਰਿੰਸੀਪਲ ਬੁੱਧਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਲਜਾਂ ਵਿਚ ਅਸਾਮੀਆਂ ਖ਼ਾਲੀ ਹੋਣ ਕਾਰਨ ਉਚੇਰੀ ਸਿੱਖਿਆ ਦਾ ਬੁਰਾ ਹਾਲ....

Budh Ram

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਵਿਚ ਸਿੱਖਿਆ ਪ੍ਰਣਾਲੀ ਤਬਾਹ ਹੋ ਗਈ ਹੈ। ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਬੁੱਧਰਾਮ ਨੇ ਕਿਹਾ ਕਿ ਸਰਕਾਰ ਸਕੂਲ ਸਿੱਖਿਆ ਨਾਲ ਤਜਰਬੇ ਕਰ ਕੇ ਬੱਚਿਆ ਦੇ ਭਵਿੱਖ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਨਿਰਧਾਰਿਤ ਵਿਸ਼ਿਆਂ ਦੀ ਥਾਂ ਹੋਰ ਵਿਸ਼ਿਆਂ ਦੇ ਅਧਿਆਪਕਾਂ ਨਾਲ ਕੰਮ ਚਲਾ ਕੇ ਸਰਕਾਰ ਸਿੱਖਿਆ ਦਾ ਭੱਠਾ ਬਿਠਾ ਰਹੀ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਰਕਾਰ ਸੂਬੇ ਵਿਚ ਸਰਕਾਰੀ, ਮੈਰੀਟੋਰਿਅਮ ਅਤੇ ਆਦਰਸ਼ ਆਦਿ ਸਕੂਲ ਖੋਲ੍ਹ ਕੇ ਸਿੱਖਿਆ ਵਿਚ ਬਰਾਬਰਤਾ ਦੇ ਸਿਧਾਂਤ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਘੱਟ ਤਨਖ਼ਾਹ ਦੇ ਕੇ ਵੀ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 163 ਸਕੂਲਾਂ ਵਿਚ 0 ਪ੍ਰਤੀਸ਼ਤ, 176 ਵਿਚ 10 ਪ੍ਰਤੀਸ਼ਤ ਅਤੇ 232 ਵਿਚ 20 ਪ੍ਰਤੀਸ਼ਤ ਰਿਜ਼ਲਟ ਰਿਹਾ ਹੈ ਜੋ ਕਿ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਦੂਰ-ਦੁਰਾਡੇ ਸਟੇਸ਼ਨ ਅਲਾਟ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਜਦਕਿ ਆਪਣੇ ਚਹੇਤਿਆਂ ਨੂੰ ਨਿਯਮਾਂ ਦੇ ਉਲਟ ਨੇੜੇ ਦੇ ਸਟੇਸ਼ਨ ਅਲਾਟ ਕਰ ਰਹੀ ਹੈ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿਚ 1873 ਵਿਚੋਂ ਸਿਰਫ਼ 500 ਅਸਾਮੀਆਂ ਹੀ ਭਰੀਆਂ ਗਈਆਂ ਹਨ ਅਤੇ ਸਾਲ 1996 ਤੋਂ ਬਾਅਦ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਵਿਚ 10 ਡਿਗਰੀ ਕਾਲਜ ਖੋਲੇ ਜਾਣ ਦੇ ਵਾਅਦੇ 5 ਡਿਗਰੀ ਕਾਲਜਾਂ ਨੂੰ 10-10 ਕਰੋੜ ਦੀ ਗਰਾਂਟ ਦੇਣ, ਪੰਜਾਬੀ ਯੂਨੀਵਰਸਿਟੀ ਵਿਚ ਮਹਾਰਾਣਾ ਪ੍ਰਤਾਪ ਚੇਅਰ ਸਥਾਪਿਤ ਕਰਨ ਸਮੇਤ ਸਾਰੇ ਮੁੱਦਿਆਂ ਤੋਂ ਹੀ ਸਰਕਾਰ ਭੱਜੀ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਲੈਂਦਿਆਂ ਸੂਬੇ ਦੇ ਠੇਕਾ ਕਰਮਚਾਰੀਆਂ ਨੂੰ ਪੱਕਾ ਕਰ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿੱਖਿਆ ਦਾ 'ਦਿੱਲੀ ਮਾਡਲ' ਲਾਗੂ ਕਰਨਾ ਸਮੇਂ ਦੀ ਮੰਗ ਹੈ।