ਬਾਦਲਾਂ ਨੇ ਢੀਂਡਸਾ ਨਾਲ ਸਿਆਸਤ ਖੇਡੀ, ਖ਼ੁਦ ਹਾਊੁਸ 'ਚ ਨਹੀਂ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਰਾਜਪਾਲ ਦੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਵਿਚ ਭਾਈ ਪਾਰਟੀ ਅਕਾਲੀ ਦਲ ਤੇ.....

Parminder Singh Dhindsa

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਰਾਜਪਾਲ ਦੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਵਿਚ ਭਾਈ ਪਾਰਟੀ ਅਕਾਲੀ ਦਲ ਤੇ ਬੀਜੇਪੀ ਦੇ ਵਿਧਾਇਕਾਂ ਨੇ ਰੌਲਾ ਪਾਇਆ ਹੋਵੇ ਜਿਵੇਂ ਅੱਜ ਸ਼ੁਰੂ ਹੋਏ ਸਮਾਗਮ ਵਿਚ ਕੀਤਾ ਗਿਆ। ਅੱਜ ਵੀ.ਪੀ. ਸਿੰਘ ਬਦਨੌਰ ਨੇ ਜਿਉਂ ਹੀ ਅਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਸਾਰੇ ਅਕਾਲੀ ਬੀਜੇਪੀ ਵਿਧਾਇਕਾਂ ਨੇ ਅਖ਼ਬਾਰਾਂ ਤੇ ਹੋਰ ਕਾਗ਼ਜ਼ ਲਹਿਰਾਅ ਕੇ ਪਹਿਲਾਂ ਅਪਣੀਆਂ ਸੀਟਾਂ 'ਤੇ ਖੱਪ ਪਾਈ, ਰਾਜਪਾਲ ਦੇ ਭਾਸ਼ਣ ਵਿਚ ਅੜਚਣ ਪੈਦਾ ਕੀਤੀ

ਫਿਰ ਸਦਨ ਦੇ ਵੈੱਲ ਵਿਚ ਜਾ ਕੇ ਸਪੀਕਰ ਤੇ ਰਾਜਪਾਲ ਸਾਹਮਣੇ ਕੁਲ 15 ਮਿੰਟ ਨਾਹਰੇਬਾਜ਼ੀ ਕੀਤੀ। ਸੁਰੱਖਿਆ ਗਾਰਡਾਂ ਜਿਨ੍ਹਾਂ ਵਿਚ ਮਹਿਲਾ ਪੁਲਿਸ ਕਾਂਸਟੇਬਲ, ਆਮ ਵਰਦੀ ਵਿਚ ਸਨ ਅਤੇ ਮਰਦ ਗਾਰਡਾਂ ਨੇ ਤਿਹਰੀ ਲਾਈਨ ਬਣਾ ਕੇ ਰਾਜਪਾਲ ਦਾ ਬਚਾਅ ਕੀਤਾ। ਵੱਡੇ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਤਿੰਨੋਂ ਵਿਧਾਇਕ ਸਦਨ ਵਿਚ ਰਾਜਪਾਲ ਦੇ ਭਾਸ਼ਣ ਦੌਰਾਨ ਗ਼ੈਰ ਹਾਜ਼ਰ ਰਹੇ ਅਤੇ ਪਰਮਿੰਦਰ ਢੀਂਡਸਾ ਰਾਹੀਂ, ਸਿਆਸੀ ਖੇਡ ਖੇਡਦੇ ਰਹੇ ਆਪ ਬੁਰੇ ਨਹੀਂ ਬਣੇ। ਦਿਲਚਸਪ ਗੱਲ ਇਹ ਰਹੀ ਕਿ ਬਾਅਦ ਦੁਪਹਿਰ 2 ਵਜੇ ਵਾਲੀ ਸ਼ਰਧਾਂਜਲੀਆਂ ਵਾਲੀ ਬੈਠਕ ਵਿਚ ਬਾਦਲ ਸਦਨ ਵਿਚ ਆ ਗਏ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਲਾਏ ਗਏ ਹਨ, ਅਕਾਲੀ ਬੀਜੇਪੀ ਨੇਤਾਵਾਂ ਨਾਲ ਖ਼ਾਸ ਕਰ ਕੇ ਬਾਦਲਾਂ ਨਾਲ ਡੂੰਘੀ ਸਾਂਝ ਹੈ ਅਤੇ ਬਤੌਰ ਐਮ.ਪੀ. ਉਹ ਪਾਰਲੀਮੈਂਟ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਅਵਿਨਾਸ਼ ਖੰਨਾ ਨਾਲ ਇਕੋ ਬੈਂਚ (ਸੀਟ) 'ਤੇ ਬੈਠਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਵੱਡੇ ਢੀਂਡਸਾ ਵਲੋਂ ਸੁਖਬੀਰ ਦੀ ਪ੍ਰਧਾਨਗੀ ਵਿਰੁਧ ਜੋ ਕੁੱਝ ਕੀਤਾ ਗਿਆ, ਅਹੁਦਿਆਂ ਤੋਂ ਅਸਤੀਫ਼ਾ ਦਿਤੇ ਗਏ, ਅੱਜ ਦੀ ਕਾਰਗੁਜ਼ਾਰੀ ਕਰ ਕੇ ਛੋਟੇ ਢੀਂਡਸਾ, ਬਾਦਲਾਂ ਦੇ ਸਿਆਸੀ ਜਾਲ ਵਿਚ ਫਸ ਗਏ ਕਿਉਂਕਿ ਬਾਦਲ ਆਪ ਬੁਰੇ ਨਹੀਂ ਬਣੇ, ਪਰਮਿੰਦਰ ਨੂੰ ਅੱਗੇ ਲਾ ਦਿਤਾ।