ਅਕਾਲੀ ਤੇ ਕਾਂਗਰਸੀ ਭਿੜੇ, ਅਕਾਲੀਆਂ ਨੇ ਰਾਸ਼ਟਰੀ ਰਾਜ ਮਾਰਗ ਦੀ ਆਵਾਜਾਈ ਕੀਤੀ ਠੱਪ
ਅਕਾਲੀ ਤੇ ਕਾਂਗਰਸੀ ਭਿੜੇ, ਅਕਾਲੀਆਂ ਨੇ ਰਾਸ਼ਟਰੀ ਰਾਜ ਮਾਰਗ ਦੀ ਆਵਾਜਾਈ ਕੀਤੀ ਠੱਪ
ਅਕਾਲੀਆਂ ਨੇ ਥਾਣੇ ਮੂਹਰੇ ਧਰਨਾ ਦੇ ਕੇ ਕੀਤੀ ਡਰਾਮੇਬਾਜ਼ੀ : ਗੁਰਸੇਵਕ ਸਿੰਘ
ਕੋਟਕਪੂਰਾ, 12 ਫ਼ਰਵਰੀ (ਗੁਰਿੰਦਰ ਸਿੰਘ): ਨਗਰ ਕੌਂਸਲ ਦੀ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੋਟਕਪੂਰਾ ਦੇ ਵਾਰਡ ਨੰਬਰ 17 ’ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦ ਚੱਲ ਰਹੇ ਪ੍ਰਚਾਰ ਦੌਰਾਨ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਸਮਰਥਕ ਆਪਸ ਵਿਚ ਭਿੜ ਗਏ। ਕਾਂਗਰਸੀ ਉਮੀਦਵਾਰ ਦੇ ਪਤੀ ਗੁਰਸੇਵਕ ਸਿੰਘ ਸਾਬਕਾ ਐਮ.ਸੀ. ਨੂੰ ਜ਼ਖ਼ਮੀ ਹਾਲਤ ਵਿਚ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖ਼ਲ ਕਰਵਾਉਣਾ ਪਿਆ ਜਦਕਿ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਸਿਟੀ ਥਾਣੇ ਦੇ ਸਾਹਮਣੇ ਆਵਾਜਾਈ ਠੱਪ ਕਰ ਕੇ ਧਰਨਾ ਦੇ ਦਿਤਾ।
ਮਨਤਾਰ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਕਾਂਗਰਸੀਆਂ ਦੀ ਵਧੀਕੀ ਦੇ ਬਾਵਜੂਦ ਪੁਲਿਸ ਨੇ ਸਤਪਾਲ ਸਿੰਘ ਨਾਂਅ ਦੇ ਅਕਾਲੀ ਵਰਕਰ ਨੂੰ ਬਿਨਾਂ ਕਸੂਰੋਂ ਜਬਰੀ ਥਾਣੇ ਵਿਚ ਲਿਆ ਕੇ ਬੰਦ ਕਰ ਦਿਤਾ ਹੈ, ਜਦੋਂ ਤਕ ਉਸ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਧਰਨਾ ਜਾਰੀ ਰਹੇਗਾ। ਬਾਅਦ ਦੁਪਹਿਰ ਕਰੀਬ 2:30 ਵਜੇ ਸ਼ਹਿਰ ’ਚੋਂ ਲੰਘਦੀ ਰਾਸ਼ਟਰੀ ਰਾਜ ਮਾਰਗ ’ਤੇ ਲੱਗੇ ਧਰਨੇ ਦੌਰਾਨ ਦੂਰ-ਦੂਰ ਤਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਸਕੂਲਾਂ ਵਿਚ ਛੁੱਟੀ ਦਾ ਸਮਾ ਹੋਣ ਕਾਰਨ ਸਕੂਲੀ ਬੱਚਿਆਂ ਦੇ ਵਾਹਨ ਚਾਲਕਾਂ ਨੂੰ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਦੋਨਾਂ ਧਿਰਾਂ ਦੀ 107/151 ਕਰਾਉਣ ਲਈ ਮਨਾਉਂਦੀ ਰਹੀ ਪਰ ਅਕਾਲੀ ਟਸ ਤੋਂ ਮਸ ਨਾ ਹੋਏ। ਦੂਜੇ ਪਾਸੇ ਜੇਰੇ ਇਲਾਜ ਸਾਬਕਾ ਐਮ ਸੀ ਗੁਰਸੇਵਕ ਸਿੰਘ ਨੇ ਦੋਸ਼ ਲਾਇਆ ਕਿ ਲੜਾਈ ਦਾ ਮੁੱਢ ਪਹਿਲਾਂ ਅਕਾਲੀ ਦਲ ਵਲੋਂ ਬੰਨਿਆ ਗਿਆ। ਉਨ੍ਹਾਂ ਦਸਿਆ ਕਿ ਮੇਰੇ ਸੱਟਾਂ ਮਾਰੀਆਂ ਗਈਆਂ, ਦਸਤਾਰ ਲਾਹ ਦਿਤੀ ਗਈ ਪਰ ਅਕਾਲੀਆਂ ਨੇ ਡਰਾਮੇਬਾਜ਼ੀ ਦਾ ਸਬੂਤ ਦਿੰਦਿਆਂ ਉਲਟਾ ਧਰਨਾ ਲਾ ਕੇ ਸੱਚੇ ਬਣਨ ਦੀ ਕੋਸ਼ਿਸ਼ ਕੀਤੀ।
ਗੁਰਸੇਵਕ ਸਿੰਘ ਨੇ ਆਖਿਆ ਕਿ ਜੇਕਰ ਉਸ ਉੱਪਰ ਹਮਲਾ ਕਰਨ ਵਾਲਿਆਂ ਵਿਰੁਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ। ਲਗਭਗ ਸਾਢੇ 3 ਘੰਟਿਆਂ ਬਾਅਦ ਅਰਥਾਤ ਸ਼ਾਮ 6:00 ਵਜੇ ਪੁਲਿਸ ਵਲੋਂ ਬਿਨਾਂ ਸ਼ਰਤ ਸਤਪਾਲ ਸਿੰਘ ਨੂੰ ਰਿਹਾਅ ਕਰਨ ਨਾਲ ਧਰਨਾ ਸਮਾਪਤ ਹੋ ਗਿਆ। ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਮੁਤਾਬਕ ਦੋਨਾਂ ਧਿਰਾਂ ਨੂੰ ਸਮਝਾ ਦਿਤਾ ਗਿਆ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-12-13ਐੱਮ
ਕੈਪਸ਼ਨ : ਸਿਟੀ ਥਾਣਾ ਕੋਟਕਪੁੂਰਾ ਮੂਹਰੇ ਧਰਨਾ ਦਿੰਦੇ ਹੋਏ ਅਕਾਲੀ ਵਰਕਰ ਅਤੇ ਗੁਰਸੇਵਕ ਸਿੰਘ ਨੂੰ ਹਸਪਤਾਲ ਲਿਜਾਣ ਦੀਆਂ ਤਸਵੀਰਾਂ। (ਗੋਲਡਨ)