ਕੈਪਟਨ ਅਮਰਿੰਦਰ ਸਿੰਘ ਨੇ 'ਆਪ' ਵਲੋਂ ਹਵਾਈ ਕਿਲ੍ਹੇ ਉਸਾਰਨ ਨੂੰ ਦਸਿਆ ਮਜ਼ਾਕ
ਕੈਪਟਨ ਅਮਰਿੰਦਰ ਸਿੰਘ ਨੇ 'ਆਪ' ਵਲੋਂ ਹਵਾਈ ਕਿਲ੍ਹੇ ਉਸਾਰਨ ਨੂੰ ਦਸਿਆ ਮਜ਼ਾਕ
'ਆਪ' ਵਲੋਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਗੌਰਵਮਈ ਚਿਹਰਾ ਲੱਭਣ ਦਾ ਮਾਮਲਾ
ਚੰਡੀਗੜ੍ਹ, 12 ਫ਼ਰਵਰੀ (ਸੱਤੀ) : ਆਮ ਆਦਮੀ ਪਾਰਟੀ ਵਲੋਂ 'ਹਵਾਈ ਕਿਲ੍ਹੇ' ਉਸਾਰ ਕੇ ਸੂਬੇ ਵਿਚ ਸਰਕਾਰ ਬਣਾਉਣ ਦੀ ਪਾਲੀ ਗਈ ਲਾਲਸਾ ਦੀ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਕ ਪਾਰਟੀ, ਜੋ ਪੰਜਾਬ ਵਿਚ ਮੁਕੰਮਲ ਤੌਰ 'ਤੇ ਆਗੂਹੀਣ ਧਿਰ ਹੈ, ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਮੀ ਚਿਹਰਾ ਹੋਣ ਦਾ ਦਾਅਵਾ ਕਰ ਰਹੀ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਉਡਾਉਂਦਿਆਂ ਕਿ ਜਦੋਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਇਕ ਸਾਲ ਰਹਿੰਦਾ ਹੋਵੇ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਮੁਹਿੰਮ ਚਲਾਉਣ ਲਈ ਪੰਜਾਬ ਦਾ ਇਕ ਵੀ ਆਗੂ ਨਾ ਲੱਭ ਸਕੀ ਅਤੇ ਪ੍ਰਚਾਰ ਲਈ ਦਿੱਲੀ ਤੋਂ ਤੁੱਛ ਜਿਹੇ ਵਿਅਕਤੀ ਲਿਆਉਣੇ ਪਏ ਅਤੇ ਹੁਣ ਉਹ ਦਾਅਵੇ ਕਰਦੇ ਹਨ ਕਿ ਉਹ ਮੁੱਖ ਮੰਤਰੀ ਲਈ ਅਜਿਹਾ ਚਿਹਰਾ ਲੱਭਣਗੇ ਜੋ ਪੰਜਾਬ ਦਾ ਮਾਣ ਹੋਵੇਗਾ | ਮੁੱਖ ਮੰਤਰੀ ਨੇ ਕਿਹਾ, ''ਉਸ ਪਾਰਟੀ ਨੂੰ ਪੰਜਾਬ ਦੀ 'ਆਨ, ਬਾਨ ਅਤੇ ਸ਼ਾਨ' ਦਾ ਕੀ ਪਤਾ ਹੋਵੇਗਾ, ਜਿਸ ਨੇ ਲੰਘੇ ਨਵੰਬਰ ਮਹੀਨੇ 'ਚ ਦਿੱਲੀ ਵਿਚ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਦੇ ਹਿੱਤ ਵੇਚ ਦਿਤੇ ਹੋਣ |'' ਮੁੱਖ ਮੰਤਰੀ ਕਿਹਾ ਕਿ ਆਪ ਨੂੰ ਨਾ ਤਾਂ ਪੰਜਾਬੀਅਤ ਬਾਰੇ ਕੁਝ ਪਤਾ ਹੈ ਅਤੇ ਨਾ ਹੀ ਇਸ ਦੀ ਕੋਈ ਪ੍ਰਵਾਹ ਹੈ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕੀਤੀਆਂ ਗਲਤੀਆਂ ਤੋਂ ਕੁਝ ਸਿੱਖਣਾ ਤਾਂ ਦੂਰ ਦੀ ਗੱਲ, ਆਪ ਪੰਜਾਬ ਵਿਚ ਅਪਣਾ ਸੱਤਿਆਨਾਸ ਹੀ ਕਰਵਾ ਰਹੀ ਹੈ ਅਤੇ ਇਥੋਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਇਸ ਨੂੰ ਭੋਰਾ ਵੀ ਸਮਝ ਜਾਂ ਚਿੰਤਾ ਨਹੀਂ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਇਹ ਤਾਂ ਪੰਜਾਬ ਨੂੰ ਇਸ ਨੀਅਤ ਨਾਲ ਦੇਖਦੇ ਹਨ ਕਿ ਇਕ ਹੋਰ ਸੂਬੇ ਦੀ ਸੱਤਾ ਹਥਿਆਉਣੀ ਹੈ ਜਦਕਿ ਇਨ੍ਹਾਂ ਨੂੰ ਸਾਡੇ ਲੋਕਾਂ ਦੀ ਪੀੜਾ ਅਤੇ ਸਮੱਸਿਆਵਾਂ ਨਜ਼ਰ ਨਹੀਂ ਆਉਂਦੀਆਂ |'' ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਬਾਹਰੀ ਧਿਰ ਹੈ ਅਤੇ ਉਸ ਵੇਲੇ ਤਕ ਬਾਹਰੀ ਹੀ ਰਹੇਗੀ, ਜਦੋਂ ਤਕ ਉਹ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਨਾਲੋਂ ਟੁੱਟੀ ਰਹੇਗੀ |'' ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2-3 ਸਾਲਾਂ ਵਿਚ ਪਾਰਟੀ ਦੇ ਪੰਜਾਬ ਯੂਨਿਟ ਵਿਚੋਂ ਆਪ ਲੀਡਰਾਂ ਅਤੇ ਮੈਂਬਰਾਂ ਦਾ ਹਿਜਰਤ ਕਰ ਜਾਣਾ ਤਾਂ ਮਹਿਜ਼ ਛਿਣ-ਮਾਤਰ ਹੀ ਹੈ, ਅਸਲ ਵਿਚ ਇਨ੍ਹਾਂ ਦੀਆਂ ਇਥੇ ਜੜ੍ਹਾਂ ਹੈ ਹੀ ਨਹੀਂ ਹਨ |
ਉਨ੍ਹਾਂ ਕਿਹਾ,''ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਪੰਜਾਬ ਤੋਂ ਬਾਹਰ ਕੋਈ ਵਜੂਦ ਨਹੀਂ ਅਤੇ ਉਥੇ ਵੀ ਇਨ੍ਹਾਂ ਦਾ ਛੇਤੀ ਸਫ਼ਾਇਆ ਹੋ ਜਾਵੇਗਾ ਜਿਥੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਸ਼ਰਮਨਾਕ ਸਾਂਝ ਹੈ ਜਿਨ੍ਹਾਂ ਦੇ ਇਸ਼ਾਰੇ 'ਤੇ ਆਪ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਅਪਣੇ ਸ਼ਹਿਰ ਵਿਚ ਬੈਠੇ ਲੱਖਾਂ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |''
ਮੁੱਖ ਮੰਤਰੀ ਨੇ ਭਾਰਤ ਸਰਕਾਰ ਦੁਆਰਾ ਗਠਿਤ ਖੇਤੀਬਾੜੀ ਸੁਧਾਰ ਕਮੇਟੀ ਦੇ ਮੁੱਦੇ 'ਤੇ ਲੋਕਾਂ ਨੂੰ ਆਪਣੇ ਝੂਠਾਂ ਨਾਲ ਗੁਮਰਾਹ ਕਰਨ ਦੀਆਂ ਆਪ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਹਾਸੋਹੀਣਾ ਅਤੇ ਬੇਹੂਦਾ ਦਸਿਆ | ਉਨ੍ਹਾਂ ਟਿੱਪਣੀ ਕੀਤੀ ਕਿ 'ਆਪ' ਦੇ ਮੈਂਬਰ ਇਹ ਵੀ ਨਹੀਂ ਜਾਣਦੇ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਅਤੇ ਜਿਸ ਵਿਚ ਪੰਜਾਬ ਨੂੰ ਉਨ੍ਹਾਂ ਦੁਆਰਾ ਕੇਂਦਰ ਨੂੰ ਨਿੱਜੀ ਤੌਰ 'ਤੇ ਲਿਖੇ ਜਾਣ ਤੋਂ ਬਾਅਦ ਹੀ ਸ਼ਾਮਲ ਕੀਤਾ ਗਿਆ ਸੀ, ਉਹ ਇਕ ਸੁਧਾਰ ਕਮੇਟੀ ਸੀ, ਨਾ ਕਿ ਇਕ ਡਰਾਫਟਿੰਗ ਕਮੇਟੀ | ਉਨ੍ਹਾਂ ਅੱਗੇ ਕਿਹਾ ਕਿ ਝੂਠ ਫੈਲਾਉਣ ਦੀ ਬੁਖਲਾਹਟ ਵਿੱਚ ਆਪ ਨੇ ਆਪਣੇ ਬਿਰਤਾਂਤ ਨੂੰ ਪੂਰੀ ਤਰ੍ਹਾਂ ਗੁਆ ਲਿਆ ਹੈ |