ਚੀਨ ਨੇ ਬੀਬੀਸੀ ਵਰਲਡ ਨਿਊਜ਼ ’ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਚੀਨ ਨੇ ਬੀਬੀਸੀ ਵਰਲਡ ਨਿਊਜ਼ ’ਤੇ ਲਗਾਈ ਪਾਬੰਦੀ

image

ਪਿਛਲੇ ਹਫ਼ਤੇ ਬ੍ਰਿਟੇਨ ਨੇ ਚੀਨ ਦੇ ਅੰਗਰੇਜ਼ੀ ਚੈਨਲ ਸੀਜੀਟੀਐਨ ਦਾ ਲਾਇਸੈਂਸ ਕੀਤਾ ਸੀ ਰੱਦ

ਬੀਜਿੰਗ , 12 ਫ਼ਰਵਰੀ : ਚੀਨ ਨੇ ਬੀਬੀਸੀ ਵਰਲਡ ਨਿਊਜ਼ ’ਤੇ ਪਾਬੰਦੀ ਲਗਾ ਦਿਤੀ ਹੈ। ਬੀਜਿੰਗ ਨੇ ਉਸ ’ਤੇ ਰਿਪੋਰਟਿੰਗ ਲਈ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਦੇ ਟੈਲੀਵਿਜ਼ਨ ਅਤੇ ਰੇਡੀਉ ਰੈਗੂਲੇਟਰ ਨੇ ਇਸ ਬਾਰੇ ਐਲਾਨ ਕੀਤਾ ਹੈ। ਇਸ ਤੋਂ ਇਕ ਹਫ਼ਤਾ ਪਹਿਲੇ ਹੀ ਬ੍ਰਿਟਿਸ਼ ਮੀਡੀਆ ਰੈਗੂਲੇਟਰ ਆਫਕਾਮ ਨੇ ਚੀਨ ਦੇ ਸਰਕਾਰੀ ਅੰਗਰੇਜ਼ੀ ਚੈਨਲ ਸੀਜੀਟੀਐਨ (ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ) ਦਾ ਲਾਇਸੈਂਸ ਰੱਦ ਕਰ ਦਿਤਾ ਸੀ ਜਿਸ ਪਿੱਛੋਂ ਚੀਨ ਨੇ ਜਵਾਬੀ ਕਦਮ ਚੁੱਕਣ ਦੀ ਧਮਕੀ ਦਿਤੀ ਸੀ।
ਚੀਨ ਨੇ ਕੋਰੋੋਨਾ ਮਹਾਮਾਰੀ ਅਤੇ ਘੱਟ ਗਿਣਤੀ ਉਈਗਰਾਂ ’ਤੇ ਜ਼ੁਲਮ ਨੂੰ ਲੈ ਕੇ ਬੀਬੀਸੀ ਵਲੋਂ ਕੀਤੀ ਗਈ ਰਿਪੋਰਟਿੰਗ ਦੀ ਆਲੋਚਨਾ ਕੀਤੀ ਅਤੇ ਬਿਟਿਸ਼ ਪ੍ਰਸਾਰਣਕਰਤਾ ਕੋਲ ਅਪਣਾ ਵਿਰੋਧ ਦਰਜ ਕਰਾਇਆ ਸੀ। ਬੀਜਿੰਗ ਦੇ ਰਾਸ਼ਟਰੀ ਰੇਡੀਉ ਅਤੇ ਟੈਲੀਵਿਜ਼ਨ ਪ੍ਰਸ਼ਾਸਨ (ਐੱਨਆਰਟੀਏ) ਨੇ ਦੇਰ ਰਾਤ ਦਿਤੇ ਇਕ ਬਿਆਨ ਵਿਚ ਕਿਹਾ ਕਿ ਚੀਨ ਵਿਚ ਬੀਬੀਸੀ ਵਰਲਡ ਨਿਊਜ਼ ਨੇ ਨਿਯਮਾਂ ਦਾ ਉਲੰਘਣ ਕੀਤਾ ਅਤੇ ਦੇਸ਼ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਜਨਤਕ ਵਿੱਤ ਸਮਰਥਿਤ ਰੇਡੀਉ ਟੈਲੀਵਿਜ਼ਨ ਹਾਂਗਕਾਂਗ ਨੇ ਵੀ ਸ਼ੁਕਰਵਾਰ ਨੂੰ ਕਿਹਾ ਕਿ ਚੀਨ ਸਰਕਾਰ ਦੇ ਫ਼ੈਸਲੇ ਪਿੱਛੋਂ ਉਹ ਵੀ ਅਪਣੇ ਚੈਨਲ ਤੋਂ ਬੀਬੀਸੀ ਸਮਾਚਾਰ ਨੂੰ ਪ੍ਰਸਾਰਿਤ ਨਹੀਂ ਕਰੇਗਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਦੁਨੀਆ ਦੇ ਸੱਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਵਿਚ ਬੀਬੀਸੀ ਵਰਲਡ ਨਿਊਜ਼ ’ਤੇ ਚੀਨ ਦੀ ਪਾਬੰਦੀ ਦਾ ਕਿੰਨਾ ਅਸਰ ਪਵੇਗਾ। ਬੀਬੀਸੀ ਨੂੰ ਕਦੀ ਵੀ ਮੁੱਖ ਭੂਮੀ ਚੀਨ ਜਾਂ ਚੀਨੀ ਘਰਾਂ ਵਿਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਬੀਬੀਸੀ ਵਰਲਡ ਨਿਊਜ਼ ਚੈਨਲ ਅੰਤਰਰਾਸ਼ਟਰੀ ਹੋਟਲਾਂ ਅਤੇ ਡਿਪਲੋਮੈਟਿਕ ਦਫ਼ਤਰਾਂ ’ਚ ਹੀ ਉਪਲੱਬਧ ਸੀ।    (ਪੀਟੀਆਈ)